ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 10 ਅਕਤੂਬਰ
ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਕਿਹਾ ਕਿ ਐੱਮਸੀਡੀ ਵੱਲੋਂ ਚਲਾਏ ਗਏ ਕਸਤੂਰਬਾ ਗਾਂਧੀ ਤੇ ਦਿੱਲੀ ਦੇ ਹਿੰਦੂ ਰਾਓ ਹਸਪਤਾਲਾਂ ਦੇ ਡਾਕਟਰਾਂ ਤੇ ਮੈਡੀਕਲ ਸਟਾਫ ਦੀ ਚਿਤਾਵਨੀ ਦੇ ਮੱਦੇਨਜ਼ਰ ਕੋਵਿਡ-19 ਮਰੀਜ਼ਾਂ ਨੂੰ ਇਨ੍ਹਾਂ ਹਸਪਤਾਲਾਂ ਤੋਂ ਐਤਵਾਰ ਤੱਕ ਦਿੱਲੀ ਦੇ ਸਰਕਾਰੀ ਹਸਪਤਾਲਾਂ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਐੱਮਸੀਡੀ ਨੂੰ ਆਪਣੇ ਹਸਪਤਾਲਾਂ ਦੇ ਡਾਕਟਰਾਂ ਤੇ ਸਟਾਫ ਦੀ ਤਨਖਾਹ ਜਾਰੀ ਕਰਨੀ ਚਾਹੀਦੀ ਹੈ ਤੇ ਜੇ ਉਹ ਅਜਿਹਾ ਨਹੀਂ ਕਰ ਸਕਦੇ ਤਾਂ ਹਸਪਤਾਲਾਂ ਨੂੰ ਦਿੱਲੀ ਸਰਕਾਰ ਦੇ ਹਵਾਲੇ ਕਰ ਦੇਣ, ਦਿੱਲੀ ਸਰਕਾਰ ਉਨ੍ਹਾਂ ਦੇ ਹਸਪਤਾਲ ਵੀ ਚਲਾਵੇਗੀ। ਉਨ੍ਹਾਂ ਕਿਹਾ ਕਿ ਫਿਲਹਾਲ 20 ਕੋਵਿਡ ਮਰੀਜ਼ ਹਿੰਦੂ ਰਾਓ ਵਿੱਚ ਦਾਖਲ ਹਨ। ਉਨ੍ਹਾਂ ਨੂੰ ਐਤਵਾਰ ਤੱਕ ਦਿੱਲੀ ਦੇ ਸਰਕਾਰੀ ਹਸਪਤਾਲਾਂ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ।
ਇਨ੍ਹਾਂ ਮਰੀਜ਼ਾਂ ਨੂੰ ਉਨ੍ਹਾਂ ਦੀ ਇੱਛਾ ਅਨੁਸਾਰ ਦਿੱਲੀ ਸਰਕਾਰ ਦੇ ਅਧੀਨ ਕਿਸੇ ਵੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਜਾ ਸਕਦਾ ਹੈ। ਸਿਹਤ ਮੰਤਰੀ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਹਿੰਦੂਰਾਓ ਹਸਪਤਾਲ ਦਾ ਸੰਚਾਲਨ ਐੱਮਸੀਡੀ ਕਰਦੀ ਹੈ ਜਿਸ ਦੇ ਡਾਕਟਰੀ ਅਮਲੇ ਡਾਕਟਰਾਂ ਤੇ ਮੈਡੀਕਲ ਸਟਾਫ ਨੇ ਐੱਮਸੀਡੀ ਨੂੰ ਹੜਤਾਲ ’ਤੇ ਜਾਣ ਲਈ ਨੋਟਿਸ ਦਿੱਤਾ ਹੈ। ਐੱਮਸੀਡੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜਿੰਨਾ ਜਲਦੀ ਹੋ ਸਕੇ ਉਥੇ ਮੌਜੂਦ ਸਾਰੇ ਸਟਾਫ ਨੂੰ ਤਨਖ਼ਾਹਾਂ ਅਦਾ ਕਰਨ ਤੇ ਜੇ ਕਸਤੂਰਬਾ ਗਾਂਧੀ ਹਸਪਤਾਲ ਤੇ ਹਿੰਦੂ ਰਾਓ ਹਸਪਤਾਲ ਦੇ ਸਟਾਫ ਦੀ ਤਨਖਾਹ ਐੱਮਸੀਡੀ ਤੋਂ ਨਹੀਂ ਦਿੱਤੀ ਜਾਂਦੀ ਤੇ ਜੇ ਉਹ ਹਸਪਤਾਲ ਨਹੀਂ ਚਲਾ ਰਹੇ ਤਾਂ ਚਲਾ ਨਹੀਂ ਸਕਦੇ ਤਾਂ ਦਿੱਲੀ ਸਰਕਾਰ ਨੂੰ ਸੌਂਪਣ। ਸੂਬਾ ਸਰਕਾਰ ਇਨ੍ਹਾਂ ਨੂੰ ਚਲਾਵੇਗੀ ਤੇ ਤਨਖ਼ਾਹਾਂ ਵੀ ਦੇਵੇਗੀ। ਸਿਹਤ ਮੰਤਰੀ ਨੇ ਕਿਹਾ ਕਿ ਦੋ ਹਸਪਤਾਲਾਂ, ਹਿੰਦੂ ਰਾਓ ਅਤੇ ਕਸਤੂਰਬਾ ਗਾਂਧੀ ਬਾਰੇ ਮੀਡੀਆ ਵਿਚ ਪੜ੍ਹਿਆ ਹੈ ਕਿ ਉਨ੍ਹਾਂ ਦੇ ਅਮਲੇ ਦੀਆਂ ਤਨਖਾਹਾਂ ਨਹੀਂ ਦਿੱਤੀਆਂ ਗਈਆਂ। ਸ੍ਰੀ ਜੈਨ ਨੇ ਕਿਹਾ ਕਿ ਭਾਜਪਾ ਮਰੀਜ਼ਾਂ ਦੀ ਸਿਹਤ ਬਾਰੇ ਰਾਜਨੀਤੀ ਕਰ ਰਹੀ ਹੈ। ਭਾਜਪਾ ਸ਼ਾਸਤ ਐੱਮਸੀਡੀਜ਼ ਨੂੰ ਕਰਮਚਾਰੀਆਂ ਨੂੰ ਤਨਖਾਹ ਦੇਣੀ ਚਾਹੀਦੀ ਹੈ। ਐੱਮਸੀਡੀਜ਼ ਕੋਲ ਫੰਡਾਂ ਦੀ ਘਾਟ ਨਹੀਂ ਹੁੰਦੀ। ਐੱਮਸੀਡੀ ਲੋਕਾਂ ’ਤੇ ਭਾਰੀ ਟੈਕਸ ਲਗਾਉਂਦੀ ਹੈ ਤੇ ਭਾਰੀ ਮਾਤਰਾ ਵਿਚ ਪੈਸਾ ਇਕੱਤਰ ਕਰਦੇ ਹਨ ਪਰ ਕਿਸੇ ਨੂੰ ਨਹੀਂ ਪਤਾ ਕਿ ਇਹ ਪੈਸਾ ਕਿੱਥੇ ਜਾਂਦਾ ਹੈ। ਭਾਜਪਾ ਦੇ ਲੋਕ ਸਿਰਫ ਰਾਜਨੀਤੀ ਕਰ ਰਹੇ ਹਨ। ਕੇਂਦਰ ਸਰਕਾਰ ਨੇ ਐੱਮਸੀਡੀ ਨੂੰ ਸਿਹਤ ਵਪਾਰ ਲਾਇਸੈਂਸ ਦੇਣ ਦੀ ਪ੍ਰਕਿਰਿਆ ਨੂੰ ਰੱਦ ਕਰਨ ਦੇ ਆਦੇਸ਼ ਦਿੱਤੇ ਸਨ ਪਰ ਉਹ ਇਸ ਨੂੰ ਹਟਾਉਣ ਲਈ ਵੀ ਤਿਆਰ ਨਹੀਂ ਹਨ।