ਪੱਤਰ ਪ੍ਰੇਰਕ
ਨਵੀਂ ਦਿੱਲੀ, 17 ਫਰਵਰੀ
ਸੰਯੁਕਤ ਮੋਰਚੇ ਦੇ ਸੱਦੇ ’ਤੇ 18 ਫਰਵਰੀ ਨੂੰ ਕੀਤੇ ਜਾ ਰਹੇ ਰੇਲ ਰੋਕੋ ਪ੍ਰੋਗਰਾਮ ਵਿੱਚ ਜਮਹੂਰੀ ਕਿਸਾਨ ਸਭਾ ਪੰਜਾਬ ਭਰਵੀ ਸ਼ਮੂਲੀਅਤ ਕਰਕੇ ਕਾਮਯਾਬ ਕਰੇਗੀ। ਇਹ ਫ਼ੈਸਲਾ ਜਮਹੂਰੀ ਕਿਸਾਨ ਸਭਾ ਦੀ ਸਥਾਨਕ ਦਫ਼ਤਰ ਵਿੱਚ ਕਿਸਾਨ ਆਗੂਆ ਦੀ ਭਰਵੀ ਮੀਟਿੰਗ ਵਿੱਚ ਲਿਆ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਨੇ ਕਿਹਾ ਕੇ ਮੋਦੀ ਸਰਕਾਰ ਵੱਲੋਂ ਲਾਗੂ ਕੀਤੇ ਜਾ ਰਹੇ ਕਾਲੇ ਕਾਨੂੰਨਾਂ ਵਿਰੁੱਧ ਅਤੇ ਐੱਮਐੱਸਪੀ ਬਾਰੇ ਸਰਕਾਰ ਦੇ ਗੁੰਮਰਾਹਕੁਨ ਪ੍ਰਚਾਰ ਖ਼ਿਲਾਫ਼ ਵਿਸ਼ਾਲ ਲਾਮਬੰਦੀ ਕਰਦਿਆਂ ਕਾਨੂੰਨੀ ਗਰੰਟੀ ਪ੍ਰਾਪਤ ਕਰਨ ਲਈ ਦੇਸ਼ਭਰ ਵਿੱਚ 18 ਫਰਵਰੀ ਨੂੰ ਚਾਰ ਘੰਟੇ ਰੇਲਾਂ ਦਾ ਚੱਕਾ ਜਾਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕੇ ਕਿਸਾਨ ਲਗਭਗ 8 ਮਹੀਨਿਆਂ ਤੋਂ ਸੰਘਰਸ਼ ਦੇ ਮੈਦਾਨ ਵਿੱਚ ਡੱਟੇ ਹੋਏ ਹਨ। ਲਗਾਤਾਰ ਸੜਕਾਂ ਰੇਲਵੇ ਲਾਈਨਾਂ ’ਤੇ ਰਾਤਾਂ ਗੁਜ਼ਾਰ ਹਨ ਅਤੇ 228 ਤੋਂ ਵਧੇਰੇ ਕਿਸਾਨ ਸ਼ਹਾਦਤ ਦਾ ਜਾਮ ਪੀ ਗਏ ਹਨ। ਮੋਦੀ ਸਰਕਾਰ ਕਿਸਾਨੀ ਮੰਗਾਂ ਮੰਨਣ ਦੀ ਥਾਂ ਗੁੰਮਰਾਹਕੁਨ ਪ੍ਰਚਾਰ ਕਰਕੇ ਕਿਸਾਨੀ ਅੰਦੋਲਨ ਨੂੰ ਲੀਹੋਂ ਲਾਹੁਣ ਦੀਆਂ ਸਾਜ਼ਿਸ਼ਾਂ ਕਰ ਰਹੀ ਹੈ। ਉਨ੍ਹਾਂ ਕਿਹਾ ਕੇ ਸਾਜ਼ਿਸ਼ਾਂ ਨੂੰ ਨਾਕਾਮ ਕਰਦਿਆਂ ਕਿਸਾਨ ਅੰਦੋਲਨ ਜਨ ਅੰਦੋਲਨ ਬਣ ਗਿਆ ਹੈ। ਕਿਸਾਨ ਆਗੂ ਪਰਗਟ ਸਿੰਘ ਜਾਮਾਰਾਏ ਨੇ ਨਵੇਂ ਆਏ ਜਥਿਆ ਦੇ ਆਗੂਆ ਨੂੰ ਜੀ ਆਇਆ ਆਖਿਆ ਅਤੇ ਚੱਲ ਰਹੇ ਸੰਘਰਸ਼ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਮੌਕੇ ਸੂਬਾਈ ਆਗੂ ਜਸਵਿੰਦਰ ਸਿੰਘ ਢੇਸੀ, ਮਨਜੀਤ ਸਿੰਘ ਬੱਗੂ ਕੋਟ, ਨਿਰਪਾਲ ਸਿੰਘ ਜੌਣੇਕੇ, ਬਲਵਿੰਦਰ ਸਿੰਘ ਰਵਾਲ ਆਦਿ ਆਗੂਆ ਨੇ ਸੰਬੋਧਨ ਕੀਤਾ।