ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 9 ਅਪਰੈਲ
ਗੁਰੂ ਤੇਗ਼ ਬਹਾਦਰ ਦੇ ਜਨਮ ਸਥਾਨ ਅੰਮ੍ਰਿਤਸਰ ਦੇ ਗੁਰੂ ਕੇ ਮਹਿਲ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੱਢੇ ਜਾ ਰਹੇ ਨਗਰ ਕੀਰਤਨ ਦਾ ਦੇਸ਼ ਦੀ ਕੌਮੀ ਰਾਜਧਾਨੀ ਦਿੱਲੀ ਵਿੱਚ ਦਾਖ਼ਲ ਹੋਣ ‘ਤੇ ਥਾਂ-ਥਾਂ ਸੰਗਤ ਵੱਲੋਂ ਸਵਾਗਤ ਕੀਤਾ ਗਿਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵਿਕਰਮ ਸਿੰਘ ਰੋਹਿਣੀ ਨੇ ਦੱਸਿਆ ਕਿ ਰੋਹਿਣੀ ਵਿੱਚ ਨਗਰ ਕੀਰਤਨ ਦਾ ਸਵਾਗਤ ਰੋਹਿਣੀ ਵਾਰਡ ਦੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਰਬਜੀਤ ਸਿੰਘ ਵਿਰਕ ਵੱਲੋਂ ਆਪਣੀ ਟੀਮ ਨਾਲ ਕੀਤਾ। ਉਨ੍ਹਾਂ ਦੱਸਿਆ ਕਿ ਪੰਜ ਪਿਆਰਿਆਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਹੇਠ ਨਗਰ ਕੀਰਤਨ ਜਦੋਂ ਨਹਿਰ ਦੇ ਪੁਲ ਕੋਲ ਪੁੱਜਿਆ ਤਾਂ ਸਥਾਨਕ ਸੰਗਤ ਤੇ ਸਰਬਜੀਤ ਸਿੰਘ ਵਿਰਕ ਵੱਲੋਂ ਸੰਗਤ ਨਾਲ ਮਿਲ ਕੇ ਸ਼ਰਧਾ ਨਾਲ ਸਵਾਗਤ ਕੀਤਾ। ਸਰਬਜੀਤ ਸਿੰਘ ਵਿਰਕ ਨੇ ਕਿਹਾ ਕਿ ਸਿੱਖ ਧਰਮ ਦਾ ਪੰਨਾ-ਪੰਨਾ ਸ਼ਹੀਦੀਆਂ ਦੇ ਸੰਕਲਪ ਨਾਲ ਭਰਿਆ ਪਿਆ ਹੈ। ਦੇਸ਼ ਵਿੱਚ ਘੱਟ ਗਿਣਤੀ ਸਿੱਖ ਕੌਮ ਨੇ ਹਰ ਭੀੜ ਸਮੇਂ ਦੇਸ਼ ਵਾਸੀਆਂ ਨਾਲ ਮੋਢਾ ਜੋੜ ਕੇ ਮਦਦ ਕੀਤੀ ਹੈ। ਚਾਹੇ ਉਹ ਹੜ੍ਹਾਂ, ਭੁਚਾਲਾਂ ਦੇ ਕਾਰਜ ਹੋਣ ਜਾਂ ਕਰੋਨਾ ਵੀ ਵਿਸ਼ਵਵਿਆਪੀ ਮਹਾਮਾਰੀ ਹੋਵੇ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਗੇ ਵਧ ਕੇ ਕਾਰਜ ਕੀਤੇ। ਇਲਾਕੇ ਦੇ ਸੱਜਣਾਂ ਸੁਖਵਿੰਦਰ ਸਿੰਘ ਮਹਿਤਾ, ਬਲਕਾਰ ਸਿੰਘ, ਪ੍ਰੀਤਮ ਸਿੰਘ, ਅਵਤਾਰ ਸਿੰਘ, ਸੁਖਬੀਰ ਸਿੰਘ, ਗੋਪਾਲ ਸਿੰਘ, ਜਰਨੈਲ ਸਿੰਘ, ਚਰਨਜੀਤ ਸਿੰਘ, ਪ੍ਰੇਮ ਸਿੰਘ ਤੇ ਸੁਰਜੀਤ ਸਿੰਘ ਤੇ ਸੈਕਟਰ-17 ਦੇ ਹੋਰ ਪਤਵੰਤਿਆਂ ਨੇ ਕਿਹਾ ਕਿ ਕਮੇਟੀ ਦੇ ਕਾਰਜਾਂ ਨਾਲ ਸਿੱਖ ਕੌਮ ਦਾ ਨਾਂ ਕੌਮਾਂਤਰੀ ਪੱਧਰ ‘ਤੇ ਰੋਸ਼ਨ ਹੋਇਆ ਹੈ।