ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 15 ਜਨਵਰੀ
ਕੋਵਿਡ-19 ਨਾਲ ਨਜਿੱਠਣ ਲਈ ਲਗਾਏ ਗਏ ਹਫ਼ਤਾਵਾਰੀ ਕਰਫਿਊ ਦੌਰਾਨ ਸ਼ਨਿਚਰਵਾਰ ਸਵੇਰੇ ਤੋਂ ਲੋਕ ਸੜਕਾਂ ਅਤੇ ਮਹੱਤਵਪੂਰਨ ਜੰਕਸ਼ਨਾਂ ਤੋਂ ਦੂਰ ਰਹੇ। ਸੜਕਾਂ, ਬੱਸ ਟਰਮੀਨਲ ’ਤੇ ਲੋਕ ਘੱਟ ਸਨ। ਕਸ਼ਮੀਰੀ ਗੇਟ ਬੱਸ ਟਰਮੀਨਲ, ਜੋ ਕਿ ਦਿੱਲੀ ਦੇ ਅੰਦਰ ਅਤੇ ਬਾਹਰ ਆਉਣ-ਜਾਣ ਵਾਲੇ ਲੋਕਾਂ ਨਾਲ ਭੀੜ-ਭੜੱਕੇ ਵਾਲਾ ਹੈ, ਸੁੰਨਾ ਪਿਆ ਸੀ। ਲੋਕਾਂ ਦਾ ਇੱਕ ਬਹੁਤ ਛੋਟਾ ਹਿੱਸਾ ਬੱਸ ਟਰਮੀਨਲ ’ਤੇ ਅਧਿਕਾਰੀਆਂ ਦੇ ਨਾਲ ਦੇਖਿਆ ਗਿਆ, ਜੋ ਇਹ ਯਕੀਨੀ ਬਣਾ ਰਹੇ ਸੀ ਕਿ ਲੋਕ ਕੋਵਿਡ ਪ੍ਰੋਟੋਕੋਲ ਦੀ ਉਲੰਘਣਾ ਨਾ ਕਰਨ। ਲੋਕ ਕੋਵਿਡ ਦੇ ਨਿਯਮਾਂ ਦੀ ਪਾਲਣਾ ਕਰਦੇ ਦੇਖੇ ਗਏ।
ਦਿੱਲੀ ਵਿੱਚ ਵੱਧ ਰਹੇ ਮਾਮਲਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ, ਬੱਸ ਟਰਮੀਨਲ ’ਤੇ ਇੱਕ ਵਿਅਕਤੀ ਨੇ ਕਿਹਾ ਕਿ ਇਸ ਸਮੇਂ ਚੌਕਸ ਰਹਿਣਾ ਅਤੇ ਭੀੜ ਤੋਂ ਬਚਣਾ ਮਹੱਤਵਪੂਰਨ ਹੈ। ਦਿੱਲੀ ਵਿੱਚ ਮਾਮਲੇ ਵੱਧ ਰਹੇ ਹਨ ਤੇ ਕਈ ਹੋਰ ਰਾਜਾਂ ਵਿੱਚ ਵੀ ਅਜਿਹਾ ਹੀ ਹੈ। ਆਪਣੇ ਆਪ ਨੂੰ ਇਨਫੈਕਸ਼ਨ ਤੋਂ ਬਚਾਉਣਾ ਜ਼ਰੂਰੀ ਹੈ। ਬੱਸ ਟਰਮੀਨਲ ’ਤੇ ਘੱਟ ਲੋਕ ਪਹੁੰਚਣ ਕਾਰਨ ਕਈ ਆਟੋ ਚਾਲਕ ਟਰਮੀਨਲ ਦੇ ਬਾਹਰ ਕਤਾਰਾਂ ’ਚ ਖੜ੍ਹੇ ਦਿਖਾਈ ਦਿੱਤੇ। ਹਰਿਆਣਾ ਦੀ ਯਾਤਰਾ ਕਰ ਰਹੇ ਹਰੀਸ਼ ਖੁਰਾਣਾ ਦਾ ਵਿਚਾਰ ਸੀ ਕਿ ਕਰਫਿਊ ਬੇਅਸਰ ਹੈ ਕਿਉਂਕਿ ਵਾਇਰਸ ਨੂੰ ਦੋ ਦਿਨਾਂ ਵਿੱਚ ਖਤਮ ਨਹੀਂ ਕੀਤਾ ਜਾ ਸਕਦਾ। ਕੌਮੀ ਰਾਜਧਾਨੀ ਵਿੱਚ ਕੋਵਿਡ-19 ਦੇ ਮਾਮਲਿਆਂ ਵਿੱਚ ਵਾਧੇ ਦੇ ਵਿਚਕਾਰ, ਜ਼ਿਲ੍ਹਾ ਆਫ਼ਤ ਪ੍ਰਬੰਧਨ ਅਥਾਰਿਟੀ (ਡੀਡੀਐੱਮਏ) ਨੇ ਵੀ ਲਾਗ ਦੇ ਫੈਲਣ ਨੂੰ ਰੋਕਣ ਲਈ ਸ਼ਨਿਚਰਵਾਰ ਤੇ ਐਤਵਾਰ ਨੂੰ ਦਿੱਲੀ ਵਿੱਚ ਕਰਫਿਊ ਲਗਾਇਆ ਹੈ। ਬਾਜ਼ਾਰਾਂ ਅਤੇ ਮਾਲਾਂ ਵਿੱਚ ਗੈਰ-ਜ਼ਰੂਰੀ ਵਸਤੂਆਂ ਦਾ ਕਾਰੋਬਾਰ ਕਰਨ ਵਾਲੀਆਂ ਸਾਰੀਆਂ ਦੁਕਾਨਾਂ ਐਤਵਾਰ, 16 ਜਨਵਰੀ ਤੱਕ ਬੰਦ ਰਹਿਣਗੀਆਂ। ਹਫ਼ਤਾਵਾਰੀ ਕਰਫਿਊ ਦੌਰਾਨ ਲੋਕਾਂ ਦੀ ਆਵਾਜਾਈ ’ਤੇ ਪਾਬੰਦੀ ਸੀ। ਹਾਲਾਂਕਿ ਹਵਾਈ ਅੱਡਿਆਂ, ਰੇਲਵੇ ਸਟੇਸ਼ਨਾਂ ਤੇ ਅੰਤਰ-ਰਾਜੀ ਬੱਸ ਟਰਮੀਨਲਾਂ ਤੋਂ ਆਉਣ-ਜਾਣ ਵਾਲੇ ਲੋਕਾਂ ਨੂੰ ਵੈਧ ਟਿਕਟਾਂ ’ਤੇ ਯਾਤਰਾ ਕਰਨ ਦੀ ਆਗਿਆ ਸੀ।
ਦਿੱਲੀ ਵਿੱਚ ਕਰੋਨਾ ਦੇ ਕੇਸ ਘਟਣੇ ਸ਼ੁਰੂ: ਸਤਿੰਦਰ ਜੈਨ
ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਕੌਮੀ ਰਾਜਧਾਨੀ ਕੋਵਿਡ-19 ਦੀ ਲਾਗ ਦਰ ਸਿਖਰ ’ਤੇ ਪਹੁੰਚ ਗਈ ਹੈ ਅਤੇ ਜਦੋਂ ਕੇਸ 15,000 ਨੂੰ ਛੂਹ ਜਾਣਗੇ ਤਾਂ ਸਰਕਾਰ ਪਾਬੰਦੀਆਂ ਨੂੰ ਸੌਖਾ ਕਰਨ ਬਾਰੇ ਸੋਚੇਗੀ। ਜੈਨ ਨੇ ਕਿਹਾ ਕਿ ਦਿੱਲੀ ਵਿੱਚ ਸ਼ਨਿਚਰਵਾਰ ਨੂੰ ਲਗਭਗ 20,000 ਕੇਸ ਦਰਜ ਹੋਣ ਦੀ ਉਮੀਦ ਹੈ, ਜੋ ਸ਼ੁੱਕਰਵਾਰ ਦੇ 24,383 ਦੇ ਅੰਕੜੇ ਤੋਂ ਘੱਟ ਹੈ। ਵੀਰਵਾਰ ਨੂੰ ਦਿੱਲੀ ਵਿੱਚ 28,867 ਮਾਮਲੇ ਦਰਜ ਕੀਤੇ ਗਏ, ਜੋ ਕਿ ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਸਭ ਤੋਂ ਵੱਧ ਹਨ। ਉਨ੍ਹਾਂ ਪੱਤਰਕਾਰਾਂ ਨੂੰ ਕਿਹਾ, ‘ਅਸੀਂ ਕਹਿ ਸਕਦੇ ਹਾਂ ਕਿ ਦਿੱਲੀ ਕੇਸਾਂ ਦੇ ਮਾਮਲੇ ਵਿੱਚ ਸਿਖਰ ’ਤੇ ਪਹੁੰਚ ਗਈ ਹੈ। ਕੇਸ ਹੌਲੀ-ਹੌਲੀ ਘਟਣੇ ਸ਼ੁਰੂ ਹੋ ਗਏ ਹਨ। ਦੇਖਦੇ ਹਾਂ ਕਿ ਇਹ ਗਿਰਾਵਟ ਕਦੋਂ ਹੁੰਦੀ ਹੈ।’ ਉਨ੍ਹਾਂ ਦੁਹਰਾਇਆ ਕਿ ਦਿੱਲੀ ਵਿੱਚ ਹਸਪਤਾਲ ਵਿੱਚ ਦਾਖਲ ਹੋਣ ਦੀ ਦਰ ਸਥਿਰ ਹੋ ਗਈ ਹੈ। ਇਹ ਪੁੱਛੇ ਜਾਣ ’ਤੇ ਕਿ ਕੀ ਦਿੱਲੀ ’ਚ ਪਾਬੰਦੀਆਂ ’ਚ ਢਿੱਲ ਦਿੱਤੀ ਜਾਵੇਗੀ ਕਿਉਂਕਿ ਕੇਸ ਘੱਟ ਹੋਏ ਹਨ ਤਾਂ ਉਨ੍ਹਾਂ ਕਿਹਾ, ‘ਆਓ ਇੰਤਜ਼ਾਰ ਕਰੀਏ। ਕੇਸ ਘਟਣੇ ਸ਼ੁਰੂ ਹੋ ਗਏ ਹਨ। ਇਹ ਕੱਲ੍ਹ 24,000 ’ਤੇ ਆਏ ਸਨ ਤੇ ਅੱਜ 20,000 ’ਤੇ ਆ ਜਾਣਗੇ। ਇਨ੍ਹਾਂ ਨੂੰ 15,000 ਜਾਂ ਇਸ ਤੋਂ ਹੇਠਾਂ ਆਉਣ ਦਿਓ ਤੇ ਫਿਰ ਅਸੀਂ ਦੇਖਾਂਗੇ।’
24 ਘੰਟਿਆਂ ਵਿੱਚ 20,718 ਨਵੇਂ ਕੇਸ ਦਰਜ
ਦਿੱਲੀ ਵਿੱਚ ਰੋਜ਼ਾਨਾ ਦੀ ਕੋਵਿਡ-19 ਕੇਸਾਂ ਦੀ ਗਿਣਤੀ ਵਿੱਚ 15 ਫ਼ੀਸਦ ਦੀ ਹੋਰ ਗਿਰਾਵਟ ਦਰਜ ਕੀਤੀ ਗਈ ਹੈ। ਪਿਛਲੇ 24 ਘੰਟਿਆਂ ਵਿੱਚ 20,718 ਨਵੇਂ ਕੇਸ ਦਰਜ ਕੀਤੇ ਗਏ। ਇਹ ਲਗਾਤਾਰ ਦੂਜਾ ਦਿਨ ਹੈ, ਜਦੋਂ ਕੌਮੀ ਰਾਜਧਾਨੀ ਵਿੱਚ ਰੋਜ਼ਾਨਾ ਕੋਵਿਡ-19 ਦੀ ਗਿਣਤੀ ਲਗਾਤਾਰ ਚਾਰ ਦਿਨ ਪਹਿਲਾਂ ਵਾਧਾ ਦਰਸਾਉਣ ਤੋਂ ਬਾਅਦ ਘੱਟ ਰਹੀ ਹੈ। ਦਿੱਲੀ ਦੇ ਸਿਹਤ ਬੁਲੇਟਿਨ ਅਨੁਸਾਰ ਦਿੱਲੀ ਵਿੱਚ ਕੁੱਲ ਕੋਵਿਡ-19 ਕੇਸਾਂ ਦੀ ਗਿਣਤੀ 17,11,268 ਤੱਕ ਪਹੁੰਚ ਗਈ ਹੈ। ਕੌਮੀ ਰਾਜਧਾਨੀ ਦੀ ਲਾਗ ਦਰ ਦੋ ਦਿਨ ਪਹਿਲਾਂ 29.21 ਫ਼ੀਸਦ ਦੇ ਮੁਕਾਬਲੇ 30 ਫ਼ੀਸਦ ਦੇ ਅੰਕ ਤੋਂ ਉੱਪਰ ਬਣੀ ਹੋਈ ਹੈ। ਇਸ ਦੇ ਨਾਲ ਹੀ ਲਗਭਗ 19,554 ਮਰੀਜ਼ ਵਾਇਰਸ ਦੀ ਲਾਗ ਤੋਂ ਠੀਕ ਹੋ ਗਏ ਸਨ ਤੇ ਉਨ੍ਹਾਂ ਦਾ ਇਲਾਜ ਕਰਨ ਤੋਂ ਬਾਅਦ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਗਈ ਸੀ।
ਯਮੁਨਾਨਗਰ ਵਿੱਚ 199 ਨਵੇਂ ਮਾਮਲੇ
ਯਮੁਨਾਨਗਰ (ਪੱਤਰ ਪ੍ਰੇਰਕ): ਡਿਪਟੀ ਕਮਿਸ਼ਨਰ ਪਾਰਥ ਗੁਪਤਾ ਨੇ ਦੱਸਿਆ ਕਿ ਅੱਜ ਯਮੁਨਾਨਗਰ ਵਿੱਚ ਕਰੋਨਾ ਦੇ 199 ਕੇਸ ਆਏ ਹਨ। 93 ਮਰੀਜ਼ ਠੀਕ ਹੋਏ ਹਨ, ਜਿਸ ਦੇ ਚਲਦਿਆਂ ਯਮੁਨਾਨਗਰ ਵਿੱਚ ਕਰੋਨਾ ਰਿਕਵਰੀ ਰੇਟ 95.90 ਫ਼ੀਸਦੀ ਹੋ ਗਈ ਹੈ। ਸਿਵਲ ਸਰਜਨ ਡਾ. ਵਿਜੈ ਦਹੀਆ ਨੇ ਦੱਸਿਆ ਕਿ ਹੁਣ ਜ਼ਿਲ੍ਹੇ ਵਿੱਚ ਕਰੋਨਾ ਦੇ ਕੁੱਲ 641 ਐਕਟਿਵ ਕੇਸ ਅਤੇ 316 ਐਕਟਿਵ ਮਾਈਕ੍ਰੋ ਜ਼ੋਨ ਹਨ। ਉਨ੍ਹਾਂ ਨੇ ਦੱਸਿਆ ਕਿ ਹਰਿਆਣਾ ਸਰਕਾਰ ਨੇ ਕੋਵਿਡ-19 ਦੇ ਕਾਰਨ ਅਕਾਲ ਚਲਾਣਾ ਕਰ ਗਏ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਨੂੰ 50 ਹਜ਼ਾਰ ਰੁਪਏ ਦੇਵੇਗੀ, ਜਿਸ ਲਈ ਅਨਤੋਦਿਆ ਸਰਲ ਪੋਰਟਲ ’ਤੇ ਜਾਣਕਾਰੀ ਦਰਜ ਕਰਵਾਉਣੀ ਹੋਵੇਗੀ।
ਫਰੀਦਾਬਾਦ ’ਚ 1,764 ਮਾਮਲੇ ਪਾਜ਼ੇਟਿਵ
ਫਰੀਦਾਬਾਦ (ਪੱਤਰ ਪ੍ਰੇਰਕ) ਜ਼ਿਲ੍ਹੇ ’ਚ ਕਰੋਨਾਵਾਇਰਸ ਦੇ 1,764 ਮਾਮਲੇ ਪਾਜ਼ੇਟਿਵ ਆਏ ਹਨ। 265 ਮਰੀਜ਼ ਸਿਹਤਯਾਬ ਹੋ ਚੁੱਕੇ ਹਨ। ਜ਼ਿਲ੍ਹੇ ’ਚ ਰਿਕਵਰੀ ਰੇਟ ਵੀ 92.15 ਫ਼ੀਸਦੀ ਤੱਕ ਪਹੁੰਚ ਗਈ ਹੈ। ਡਿਪਟੀ ਕਮਿਸ਼ਨਰ ਜਤਿੰਦਰ ਯਾਦਵ ਨੇ ਦੱਸਿਆ ਕਿ ਹਸਪਤਾਲ ’ਚ ਕਰੋਨਾ ਪਾਜ਼ੇਟਿਵ ਦੇ 161 ਕੇਸ ਦਾਖ਼ਲ ਹਨ। ਜਦਕਿ ਜ਼ਿਲ੍ਹੇ ’ਚ 8,879 ਲੋਕਾਂ ਨੂੰ ਘਰ ’ਚ ਇਕਾਂਤਵਾਸ ਕੀਤਾ ਹੋਇਆ ਹੈ ਤੇ ਐਕਟਿਵ ਕੇਸਾਂ ਦੀ ਗਿਣਤੀ ਵੀ 9040 ਹੋ ਗਈ ਹੈ। ਜਦਕਿ ਕਈ ਲੋਕ ਕਰੋਨਾ ਨੂੰ ਮਾਤ ਦੇ ਕੇ ਸਿਹਤਮੰਦ ਹੋ ਗਏ ਹਨ। ਜ਼ਿਲ੍ਹੇ ’ਚ ਕਰੋਨਾ ਦੀ ਲਾਗ ਦੀ ਰਫ਼ਤਾਰ ਨੂੰ ਰੋਕਣ ਲਈ ਟੈਸਟਿੰਗ ਤੇ ਟੀਕਾਕਰਨ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਪਿਛਲੇ 24 ਘੰਟਿਆਂ ’ਚ ਜ਼ਿਲ੍ਹੇ ਵਿੱਚ 4,426 ਲੋਕਾਂ ਦੀ ਜਾਂਚ ਕੀਤੀ ਗਈ। ਜਦੋਂ ਕਿ ਜ਼ਿਲ੍ਹਾ ਫਰੀਦਾਬਾਦ ’ਚ ਹੁਣ ਤੱਕ 13,80,891 ਲੋਕ ਟੈਸਟ ਕਰਵਾ ਚੁੱਕੇ ਹਨ। ਇਨ੍ਹਾਂ ਵਿੱਚੋਂ 1,10,231 ਲੋਕ ਕਰੋਨਾ ਪਾਜ਼ੇਟਿਵ ਪਾਏ ਗਏ ਹਨ।