ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 27 ਜਨਵਰੀ
ਦਿੱਲੀ ’ਚ ਕਰੋਨਾ ਕਰਫਿਊ ਤੋਂ ਰਾਹਤ ਮਿਲਣੀ ਸ਼ੁਰੂ ਹੋ ਗਈ ਹੈ। ਰਾਸ਼ਟਰੀ ਰਾਜਧਾਨੀ ਵਿੱਚ ਹਫ਼ਤਾਵਾਰੀ ਕਰਫਿਊ ਤੇ ਔਡ-ਈਵਨ ਸਿਸਟਮ ਹੁਣ ਲਾਗੂ ਨਹੀਂ ਹੋਵੇਗਾ। ਇਹ ਫ਼ੈਸਲਾ ਅੱਜ ਡੀਡੀਐੱਮਏ ਦੀ ਮੀਟਿੰਗ ਵਿੱਚ ਲਿਆ ਗਿਆ ਹੈ। ਹਾਲਾਂਕਿ ਅਜੇ ਵੀ ਸਕੂਲ ਖੋਲ੍ਹਣ ਦਾ ਫ਼ੈਸਲਾ ਨਹੀਂ ਲਿਆ ਜਾ ਸਕਿਆ ਹੈ। ਰਾਤ ਦਾ ਕਰਫਿਊ ਹਰ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਜਾਰੀ ਰਹੇਗਾ।
ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ (ਡੀਡੀਐਮਏ) ਨੇ ਅੱਜ ਆਪਣੀ ਮੀਟਿੰਗ ’ਚ ਦੁਕਾਨਾਂ ਲਈ ਹਫ਼ਤਾਵਾਰੀ ਕਰਫਿਊ ਤੇ ਔਡ-ਈਵਨ ਪ੍ਰਣਾਲੀ ਨੂੰ ਖਤਮ ਕਰਨ ਦਾ ਫ਼ੈਸਲਾ ਕੀਤਾ। ਰਾਸ਼ਟਰੀ ਰਾਜਧਾਨੀ ’ਚ 1 ਜਨਵਰੀ ਨੂੰ ਇੱਕ ਹਫ਼ਤੇ ਦੇ ਅੰਤ ਵਿੱਚ ਕਰਫਿਊ ਦਾ ਐਲਾਨ ਕੀਤਾ ਗਿਆ ਸੀ ਕਿਉਂਕਿ ਕਰੋਨਾਵਾਇਰਸ ਦੇ ਨਵੇਂ ਰੂਪ ਓਮੀਕਰੋਨ ਦੇ ਪ੍ਰਕੋਪ ਵਿੱਚ ਵਾਧਾ ਹੋਇਆ ਸੀ। ਵੀਕਐਂਡ ਕਰਫਿਊ ਚਾਰ ਹਫ਼ਤਿਆਂ ਬਾਅਦ ਹਟਾ ਲਿਆ ਗਿਆ ਹੈ। ਅਗਲੇ ਸ਼ਨਿਚਰਵਾਰ-ਐਤਵਾਰ ਤੋਂ ਦਿੱਲੀ ਵਿੱਚ ਹਫ਼ਤਾਵਾਰੀ ਕਰਫਿਊ ਲਾਗੂ ਨਹੀਂ ਹੋਵੇਗਾ। ਮੁੱਖ ਸਿਆਸੀ ਪਾਰਟੀਆਂ ਆਮ ਆਦਮੀ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਨੇ ਉਪ ਰਾਜਪਾਲ ਅਨਿਲ ਬੈਜਲ ਨੂੰ ਸਖ਼ਤੀ ਘਟਾਉਣ ਦੀ ਅਪੀਲ ਕੀਤੀ ਸੀ। ਇਸ ਕਾਰਨ ਕੋਵਿਡ-19 ਪ੍ਰਬੰਧਨ ਦੀ ਸਿਖਰਲੀ ਸੰਸਥਾ ਦਿੱਲੀ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ (ਡੀਡੀਐੱਮਏ) ਦੀ ਇਸ ਮੀਟਿੰਗ ਤੋਂ ਕਾਫੀ ਉਮੀਦਾਂ ਪੂਰੀਆਂ ਹੋਈਆਂ।
ਦਿੱਲੀ ਵਿੱਚ ਸਕੂਲ ਖੋਲ੍ਹਣ ਦਾ ਫੈਸਲਾ ਟਾਲ ਦਿੱਤਾ ਗਿਆ ਹੈ। ਅਜਿਹੇ ’ਚ ਉਨ੍ਹਾਂ ਬੱਚਿਆਂ ਤੇ ਮਾਪੇ ਨਿਰਾਸ਼ ਹੋਣਗੇ ਜੋ ਸਕੂਲ ਖੁੱਲ੍ਹਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ ਜਿਸ ਦੀ ਭਰਪਾਈ ਆਨਲਾਈਨ ਢੰਗ ਨਾਲ ਨਹੀਂ ਕੀਤੀ ਜਾ ਸਕਦੀ, ਹੁਣ ਜਦੋਂ ਉਨ੍ਹਾਂ ਨੂੰ ਕਰੋਨਾ ਵੈਕਸੀਨ ਵੀ ਮਿਲ ਗਈ ਹੈ ਤਾਂ ਸਕੂਲ ਜਾਣ ਵਿੱਚ ਕੀ ਦਿੱਕਤ ਹੈ? ਹਾਲਾਂਕਿ ਸਕੂਲ ਖੁੱਲ੍ਹਣ ਦਾ ਇੰਤਜ਼ਾਰ ਥੋੜ੍ਹਾ ਵਧ ਗਿਆ ਹੈ। ਹੁਣ ਡੀਡੀਐਮਏ ਦੀ ਅਗਲੀ ਮੀਟਿੰਗ ਤੋਂ ਹੀ ਸਕੂਲ ਖੋਲ੍ਹਣ ਸਬੰਧੀ ਹਾਂ-ਪੱਖੀ ਫ਼ੈਸਲੇ ਦੀ ਉਮੀਦ ਕੀਤੀ ਜਾ ਸਕਦੀ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਉਪ ਰਾਜਪਾਲ ਅਨਿਲ ਬੈਜਲ ਦੀ ਪ੍ਰਧਾਨਗੀ ’ਚ ਹੋਈ ਬੈਠਕ ਵਿੱਚ ਇਹ ਫ਼ੈਸਲਾ ਲਿਆ ਗਿਆ ਕਿ ਸਰਕਾਰੀ ਦਫ਼ਤਰਾਂ ਨੂੰ ਵੀ 50 ਫੀਸਦੀ ਸਟਾਫ਼ ਦੀ ਹਾਜ਼ਰੀ ਨਾਲ ਮੁੜ ਖੋਲ੍ਹਣ, 50% ਸਮਰੱਥਾ ਨਾਲ ਰੈਸਟੋਰੈਂਟ ਤੇ ਬਾਰ ਖੁੱਲ੍ਹ ਸਕਦੇ ਹਨ ਜਦਕਿ ਸਕੂਲਾਂ, ਕਾਲਜਾਂ ਤੇ ਹਰ ਤਰ੍ਹਾਂ ਦੇ ਵਿੱਦਿਅਕ ਅਦਾਰਿਆਂ ‘ਤੇ ਪਾਬੰਦੀ ਜਾਰੀ ਰਹੇਗੀ। ਇਸ ਤੋਂ ਇਲਾਵਾ ਸਿਨੇਮਾ ਹਾਲ, ਜਿੰਮ, ਮਨੋਰੰਜਨ ਪਾਰਕ ਆਦਿ 50 ਫ਼ੀਸਦੀ ਸਮਰੱਥਾ ਨਾਲ ਖੁੱਲ੍ਹਣਗੇ, ਮੈਰਿਜ ਹਾਲ 50 ਫ਼ੀਸਦੀ ਸਮਰੱਥਾ ਨਾਲ ਖੁੱਲਣਗੇ ਅਤੇ ਵੱਧ ਤੋਂ ਵੱਧ 200 ਲੋਕਾਂ ਨੂੰ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ।