ਕੁਲਦੀਪ ਸਿੰਘ
ਨਵੀਂ ਦਿੱਲੀ, 16 ਜੁਲਾਈ
ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਲੋਨੀ ਰੋਡ ਸ਼ਾਹਦਰਾ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਪਰਵਿੰਦਰ ਸਿੰਘ ਲੱਕੀ, ਮੈਨੇਜਰ ਦਲਵਿੰਦਰ ਸਿੰਘ ਦੀ ਸਰਪ੍ਰਸਤੀ ਹੇਠ ਸਕੂਲ ਦੇ ਪ੍ਰਿੰਸੀਪਲ ਸਤਬੀਰ ਸਿੰਘ ਦੀ ਅਗਵਾਈ ਵਿਚ ਸੀਬੀਐੱਸਈ ਵੱਲੋਂ 2021-22 ਦੇ ਸੈਸ਼ਨ ਲਈ ਜਾਰੀ ਕੀਤੀ ਗਈ ਨਵੀਂ ਪ੍ਰੀਖਿਆ ਪ੍ਰਣਾਲੀ ਨੂੰ ਧਿਆਨ ਵਿਚ ਰੱਖਦੇ ਹੋਏ ‘ਵੈਬਿਨਾਰ’ ਕਰਵਾਇਆ ਗਿਆ। ਵੈਬਿਨਾਰ ਵਿਚ ਸੀਬੀਐੱਸਈ ਦੇ ਚੀਫ਼ ਨੋਡਲ ਅਫ਼ਸਰ ਤੇ ਸੈਂਟਰ ਸੁਪਰਡੈਂਟ ਪ੍ਰੀਖਿਆ ਅਤੇ ਭਾਰਤੀ ਵਿਦਿਆ ਭਵਨ ਵੀਐੱਮ ਪਬਲਿਕ ਸਕੂਲ ਵੜੋਦਰਾ, ਗੁਜਰਾਤ ਦੇ ਪ੍ਰਿੰਸੀਪਲ ਰਾਜੀਵ ਕੁਮਾਰ ਸਿੰਗਲ ਨੇ ਮੁੱਖ ਵਕਤਾ ਵਜੋਂ ਸ਼ਮੂਲੀਅਤ ਕੀਤੀ। ਇਸ ਮੌਕੇ ਰਾਜੀਵ ਸਿੰਗਲ ਨੇ ਦੱਸਿਆ ਕਿ ਸੀਬੀਐੱਸਈ ਵੱਲੋਂ ਕੋਵਿਡ 19 ਦੇ ਹਾਲਾਤ ਨੂੰ ਵੇਖਦੇ ਹੋਏ ਇਸ ਵਰ੍ਹੇ 10ਵੀਂ ਅਤੇ 12ਵੀਂ ਜਮਾਤ ਦੀ ਪ੍ਰੀਖਿਆ ਨੂੰ ਦੋ ਹਿੱਸਿਆਂ-ਟਰਮ-1 ਅਤੇ ਟਰਮ-2 ਵਿਚ ਵੰਡਿਆ ਗਿਆ ਹੈ। ਟਰਮ-1 ਅੰਦਰ ਬਹੁਵਿਕਲਪੀ ਪ੍ਰਸ਼ਨ ਪੁੱਛੇ ਜਾਣਗੇ ਅਤੇ ਪ੍ਰੀਖਿਆ ਦਾ ਸਮਾਂ 90 ਮਿੰਟ ਦਾ ਹੋਵੇਗਾ ਜੋ ਨਵੰਬਰ-ਦਸੰਬਰ ਵਿੱਚ ਹੋਵੇਗੀ। ਇਸ ਦੇ ਨਾਲ ਹੀ ਟਰਮ-2 ਦੀ ਪ੍ਰੀਖਿਆ ਲਿਖਤੀ ਰੂਪ ਵਿਚ ਹੋਵੇਗੀ ਅਤੇ ਇਸ ਦਾ ਸਮਾਂ 2 ਘੰਟੇ ਦਾ ਹੋਵੇਗਾ ਤੇ ਇਹ ਮਾਰਚ-ਅਪ੍ਰੈਲ ਵਿਚ ਲਈ ਜਾਵੇਗੀ। ਟਰਮ-1 ਲਈ ਵਿਦਿਆਰਥੀਆਂ ਨੂੰ ਓਐੱਮਆਰ ਸ਼ੀਟ ਮੁਹੱਈਆ ਕਰਾਈ ਜਾਵੇਗੀ। ਦੋਨੋਂ ਪ੍ਰੀਖਿਆਵਾਂ ਲਈ ਸਿਲੇਬਸ ਨੂੰ 50-50 ਦੇ ਤੌਰ ’ਤੇ ਵੰਡਿਆ ਗਿਆ। ਆਂਤਰਿਕ ਮੁਲਾਂਕਣ ਲਈ ਵਿਦਿਆਰਥੀਆਂ ਲਈ 20 ਅੰਕ ਰੱਖੇ ਗਏ ਹਨ ਜੋ ਕਿ ਪ੍ਰਾਜੈਕਟ, ਸਬਜੈਕਟ ਇਨਰਿਚਮੈਂਟ, ਪੋਰਟਫੋਲਿਓ ਤੇ ਯੂਨਿਟ ਟੈਸਟ ’ਤੇ ਦਿੱਤੇ ਜਾਣਗੇ। ਰਾਜੀਵ ਸਿੰਗਲ ਨੇ ਅਧਿਆਪਕਾਂ ਨੂੰ ਪੀਪੀਟੀ ਰਾਹੀਂ ਬੋਰਡ ਪ੍ਰੀਖਿਆ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਤੇ ਸਕੂਲ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਕਈ ਪ੍ਰਸ਼ਨ ਪੁੱਛੇ ਜਿਨ੍ਹਾਂ ਦੇ ਜਵਾਬ ਸ੍ਰੀ ਸਿੰਗਲ ਵੱਲੋਂ ਬਾਖੂਬੀ ਦਿੱਤੇ। ਇਸ ਮੌਕੇ ਰਾਜੀਵ ਸਿੰਗਲ ਨੇ ਸਕੂਲ ਪ੍ਰਬੰਧਕਾਂ ਅਤੇ ਪ੍ਰਿੰਸੀਪਲ ਦੀ ਇਸ ਗੱਲੋਂ ਸ਼ਲਾਘਾ ਕੀਤੀ ਕਿ ਉਨ੍ਹਾਂ ਸਮੇਂ ਦੀ ਮੰਗ ਨੂੰ ਵੇਖਦੇ ਹੋਏ ਇਹ ਵੈਬਿਨਾਰ ਲਾਉਣ ਦਾ ਉਪਰਾਲਾ ਕੀਤਾ।