ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 12 ਜੂਨ
ਸ੍ਰੀ ਗੁਰੂ ਨਾਨਕ ਦੇਵ ਖਾਲਸਾ ਕਾਲਜ, ਦੇਵ ਨਗਰ ਦੇ ਪੰਜਾਬੀ ਵਿਭਾਗ ਵਲੋਂ, ‘ਪੰਜਾਬੀ ਰੰਗਮੰਚ: ਦਸ਼ਾ ਤੇ ਦਿਸ਼ਾ’ ’ਤੇ ਇਕ ਵੈਬਿਨਾਰ ਕਰਵਾਇਆ ਗਿਆ, ਜਿਸ ਵਿਚ ਜਲੰਧਰ ਤੋਂ ਪ੍ਰੋ. ਵੀਨਾ ਅਰੋੜਾ ਤੇ ਦਿੱਲੀ ਰੰਗਕਰਮੀ ਰਵੀ ਤਨੇਜਾ ਨੇ ਇਸ ਵਿਸ਼ੇ ’ਤੇ ਆਪੋ ਆਪਣੇ ਵਿਚਾਰ ਰੱਖੇ। ਪ੍ਰੋ. ਅਰੋੜਾ ਨੇ ਮੁੱਖ ਤੌਰ ’ਤੇ ਰੰਗਮੰਚ ਦੇ ਸਿਧਾਂਤਕ ਪੱਖ ’ਤੇ ਰੋਸ਼ਨੀ ਪਾਉਂਂਦਿਆਂ ਕਿਹਾ ਕਿ ਲਹਿੰਦੇ ਪੰਜਾਬ ’ਚ ਪਹਿਲਾ ਰੰਗਮੰਚ ਵਧੇਰੇ ਪ੍ਰਫੁੱਲਿਤ ਰਿਹਾ। ਹੁਣ ਇਸ ਵਿਚ ਕਮੀ ਆਈ ਹੈ, ਇਸ ਦੇ ਬਾਵਜੂਦ ਉਥੇ ਕਮਰਸ਼ੀਅਲ ਤੇ ਗੰਭੀਰ ਕਿਸਮ ਦੇ ਨਾਟਕ ਖੇਡੇ ਜਾਂਦੇ ਹਨ ਤੇ ਘੱਟੋ-ਘੱਟ 30 ਤੋਂ ਵੱਧ ਨਾਟਕ ਗਰੁੱਪ ਇਸ ਵਿਚ ਸ਼ਾਮਿਲ ਹਨ। ਰਵੀ ਤਨੇਜਾ ਨੇ ਪੰਜਾਬੀ ਰੰਗਮੰਚ ਦੇ ਸਮੁੱਚੇ ਸਫ਼ਰ ’ਤੇ ਰੋਸ਼ਨੀ ਪਾਉਂਦਿਆਂ ਦੱਸਿਆ ਕਿ ਪੰਜਾਬੀ ਨਾਟਕ ਸਦਾ ਸਮੇਂ ਦਾ ਹਾਣੀ ਰਿਹਾ। ਇਹ ਸਮੇਂ ਨਾਲ ਆਉਂਦੇ ਬਦਲਾਵਾਂ ਨੂੰ ਅਪਣਾ ਕੇ ਹਮੇਸ਼ਾ ਅੱਗੇ ਵੱਧਦਾ ਰਿਹਾ। ਸ੍ਰੀ ਤਨੇਜਾ ਨੇ ਇਹ ਵੀ ਕਿਹਾ ਕਿ ਰੰਗਮੰਚ ਲਈ ਸਭ ਤੋਂ ਵੱਡੀ ਸਮੱਸਿਆ ਪੈਸੇ ਦੀ ਹੈ, ਜਿਸ ਵਿਚ ਪੱਲਿਓਂ ਢਾਈ-ਤਿੰਨ ਲੱਖ ਖਰਚ ਕਰਨਾ ਪੈਂਦਾ ਹੈ।