ਪੱਤਰ ਪ੍ਰੇਰਕ
ਨਵੀਂ ਦਿੱਲੀ, 10 ਦਸੰਬਰ
ਆਮ ਆਦਮੀ ਪਾਰਟੀ ਪੰਜਾਬ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਕਿਹਾ ਕਿ ‘ਆਪ’ ਪੰਜਾਬ ਦੇ ਮੁੱਖ ਮੰਤਰੀ ਚੰਨੀ ਨੂੰ ਹਰ ਗੈਰਕਾਨੂੰਨੀ ਰੇਤ ਮਾਈਨਿੰਗ ਵਾਲੀ ਥਾਂ ’ਤੇ ਕਾਰਵਾਈ ਕਰਨ ’ਤੇ 25 ਰੁਪਏ ਦਾ ਇਨਾਮ ਦੇਵੇਗੀ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਐਲਾਨ ਕੀਤਾ ਕਿ ਪੰਜਾਬ ਵਿੱਚ ਰੇਤ ਦੀ ਨਾਜਾਇਜ਼ ਮਾਈਨਿੰਗ ਬਾਰੇ ਜਾਣਕਾਰੀ ਦੇਣ ਵਾਲੇ ਨੂੰ 25 ਹਜ਼ਾਰ ਦਾ ਇਨਾਮ ਦਿੱਤਾ ਜਾਵੇਗਾ, ਜਦਕਿ ਰੇਤ ਮਾਈਨਿੰਗ ਦੀ ਸ਼ਿਕਾਇਤ ਤੋਂ ਬਾਅਦ ਵਣ ਰੇਂਜ ਅਫਸਰ ਦਾ ਤਬਾਦਲਾ ਕਰ ਦਿੱਤਾ ਗਿਆ ਸੀ। ਆਮ ਆਦਮੀ ਪਾਰਟੀ ਪੰਜਾਬ ਦੇ ਸਹਿ-ਇੰਚਾਰਜ ਅਤੇ ਵਿਧਾਇਕ ਰਾਘਵ ਚੱਢਾ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਨੂੰ ਆਪਣੇ ਸੂਬੇ ਬਾਰੇ ਪੂਰੀ ਜਾਣਕਾਰੀ ਹੈ ਕਿ ਕਿੱਥੇ ਰੇਤ ਦੀ ਚੋਰੀ ਹੋ ਰਹੀ ਹੈ। ਲੋਕਾਂ ਨੂੰ ਮੂਰਖ ਬਣਾਉਣ ’ਤੇ 25 ਹਜ਼ਾਰ ਦਾ ਇਨਾਮ ਐਲਾਨਿਆ ਗਿਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਚਮਕੌਰ ਸਾਹਿਬ ਵਿੱਚ ਚੱਲ ਰਹੀ ਰੇਤ ਦੀ ਨਾਜਾਇਜ਼ ਮਾਈਨਿੰਗ ਦਾ ਪਰਦਾਫਾਸ਼ ਕੀਤਾ ਪਰ ਅੱਜ ਤੱਕ ਉਸ ਥਾਂ ਤੋਂ ਰੇਤ ਦੀ ਚੋਰੀ ਰੁਕੀ ਨਹੀਂ। ਮੁੱਖ ਮੰਤਰੀ ਨੂੰ ਜਿੰਦਾਪੁਰ ਪਿੰਡ ਦੇ ਵਣ ਰੇਂਜ ਅਫਸਰ ਵੱਲੋਂ ਇਸ ਗੱਲ ਦੇ ਸਬੂਤ ਵਜੋਂ ਇੱਕ ਪੱਤਰ ਦਿੱਤਾ ਗਿਆ ਸੀ ਕਿ ਤੁਹਾਡੀ ਰੌਸ਼ਨੀ ਵਿੱਚ ਰੇਤ ਦੀ ਨਾਜਾਇਜ਼ ਮਾਈਨਿੰਗ ਹੋ ਰਹੀ ਹੈ ਪਰ ਨਾਜਾਇਜ਼ ਮਾਈਨਿੰਗ ਨੂੰ ਰੋਕਣ ਦੀ ਬਜਾਏ ਸ਼ਿਕਾਇਤ ਕਰਨ ਵਾਲੇ ਵਣ ਰੇਂਜ ਅਫਸਰ ਦਾ ਤਬਾਦਲਾ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਖੁਦ ਪੰਜਾਬ ਦਾ ਰੇਤ ਮਾਫੀਆ ਬਣ ਗਿਆ ਹੈ।
ਰਾਘਵ ਚੱਢਾ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੱਲ੍ਹ ਐਲਾਨ ਕੀਤਾ ਸੀ ਕਿ ਜੋ ਵੀ ਵਿਅਕਤੀ ਪੰਜਾਬ ਰਾਜ ਵਿੱਚ ਹੋ ਰਹੀ ਰੇਤ ਦੀ ਨਾਜਾਇਜ਼ ਮਾਈਨਿੰਗ ਅਤੇ ਚੋਰੀ ਬਾਰੇ ਸਬੂਤ ਅਤੇ ਜਾਣਕਾਰੀ ਦੇਵੇਗਾ, ਉਸ ਨੂੰ 25,000 ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਉਨ੍ਹਾਂ ਕਿਹਾ, ‘ਮੈਂ ਸੀਐੱਮ ਚੰਨੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਤੁਹਾਡੀ ਆਪਣੀ ਵਿਧਾਨ ਸਭਾ ਚਮਕੌਰ ਸਾਹਿਬ ਵਿੱਚ ਰੇਤ ਦੀ ਨਾਜਾਇਜ਼ ਮਾਈਨਿੰਗ ਅਤੇ ਰੇਤ ਦੀ ਚੋਰੀ ਹੋ ਰਹੀ ਹੈ ਪਰ ਅੱਜ ਤੱਕ ਚੱਲ ਰਹੀ ਰੇਤ ਦੀ ਨਾਜਾਇਜ਼ ਮਾਈਨਿੰਗ ’ਤੇ ਕੋਈ ਕਾਰਵਾਈ ਨਹੀਂ ਕੀਤੀ।’’