ਪੱਤਰ ਪ੍ਰੇਰਕ
ਨਵੀਂ ਦਿੱਲੀ, 2 ਮਈ
ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਨਿਲ ਕੁਮਾਰ ਨੇ ਕਿਹਾ ਕਿ ਭਾਜਪਾ ਯੂਪੀ ਦਾ ਬੁਲਡੋਜ਼ਰ ਮਾਡਲ ਦਿੱਲੀ ਵਿੱਚ ਲਾਗੂ ਕਰਕੇ ਦਿੱਲੀ ਦੇ ਲੋਕਾਂ ਨੂੰ ਬਰਬਾਦ ਕਰਨਾ ਚਾਹੁੰਦੀ ਹੈ। ਜਹਾਂਗੀਰ ਪੁਰੀ, ਔਖਾਲਾ ਤੋਂ ਬਾਅਦ ਦਿੱਲੀ ਦੇ 16 ਪਿੰਡਾਂ ਵਿੱਚ ਬੁਲਡੋਜ਼ਰ ਚਲਾਉਣ ਦੇ ਨੋਟਿਸ ਭੇਜੇ ਜਾਣ ਤੋਂ ਬਾਅਦ ਉਥੋਂ ਦੇ ਲੋਕਾਂ ਵਿੱਚ ਡਰ ਦਾ ਮਾਹੌਲ ਹੈ। ਭਾਜਪਾ ਦੀ ਇਸ ਕਾਰਵਾਈ ‘ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਚੁੱਪ ਧਾਰ ਕੇ ਭਾਜਪਾ ਦਾ ਸਮਰਥਨ ਕਰ ਰਹੇ ਹਨ। ਪਿੰਡਾਂ ਵਿੱਚ ਬੁਲਡੋਜ਼ਰ ਚਲਾਉਣ ਦੇ ਨੋਟਿਸ ਤੋਂ ਘਬਰਾ ਕੇ 16 ਪਿੰਡਾਂ ਦੇ ਪ੍ਰਮੁੱਖ ਨੁਮਾਇੰਦਿਆਂ ਨੇ ਸੂਬਾ ਪ੍ਰਧਾਨ ਨਾਲ ਮੁਲਾਕਾਤ ਕੀਤੀ। ਸੂਬਾ ਪ੍ਰਧਾਨ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਕਾਂਗਰਸ ਪਾਰਟੀ ਦਿੱਲੀ ਦੇ ਲੋਕਾਂ ਨੂੰ ਤਬਾਹ ਨਹੀਂ ਹੋਣ ਦੇਵੇਗੀ, ਇਸ ਲਈ ਕਾਂਗਰਸ ਪਿੰਡਾਂ ਤੋਂ ਸੜਕਾਂ ਤੱਕ ਅੰਦੋਲਨ ਅੰਦੋਲਨ ਕੀਤਾ ਜਾਵੇਗਾ।
ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਅਨਿਲ ਕੁਮਾਰ ਨੇ ਕਿਹਾ ਕਿ ਭਾਜਪਾ ਤੇ ਕੇਜਰੀਵਾਲ ਸਰਕਾਰ ਦਿੱਲੀ ਦੇ 16 ਪਿੰਡਾਂ ਦੇ ਹਜ਼ਾਰਾਂ ਲੋਕਾਂ ਨੂੰ ਰਿਜ ਖੇਤਰ ਦੇ ਨਾਂ ’ਤੇ ਬੁਲਡੋਜ਼ਰ ਚਲਾ ਕੇ ਉਜਾੜਨ ਲਈ ਨੋਟਿਸ ਭੇਜ ਰਹੀ ਹੈ, ਜਦਕਿ ਲੋਕ ਇੱਥੇ 1950 ਅਤੇ 2006 ਤੋਂ ਰਹਿ ਰਹੇ ਹਨ। ਸ੍ਰੀ ਕੁਮਾਰ ਨੇ ਦੱਸਿਆ ਕਿ 1996 ਵਿੱਚ ਭਾਜਪਾ ਨੇ ਦਿੱਲੀ ਦੇ 16 ਪਿੰਡਾਂ ਦੀ 7000 ਏਕੜ ਜ਼ਮੀਨ ਇੱਕ ਪ੍ਰਸਤਾਵ ਤਹਿਤ ਜੰਗਲਾਤ ਵਿਭਾਗ ਨੂੰ ਦਿੱਤੀ ਸੀ ਕਿ ਉਸ ਸਮੇਂ ਦਿੱਲੀ ਵਿੱਚ ਭਾਜਪਾ ਦੀ ਸਰਕਾਰ ਸੀ।