ਪੱਤਰ ਪ੍ਰੇਰਕ
ਨਵੀਂ ਦਿੱਲੀ, 12 ਅਪਰੈਲ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਰਾਜਧਾਨੀ ਦੇ ਬਿਰਧ ਆਸ਼ਰਮਾਂ ਵਿੱਚ ਰਹਿ ਰਹੇ ਬਜ਼ੁਰਗਾਂ ਨੂੰ ਮੁਫ਼ਤ ਤੀਰਥ ਯਾਤਰਾ ’ਤੇ ਭੇਜੇਗੀ। ਮੁੱਖ ਮੰਤਰੀ ਨੇ ਇੱਥੇ ਪੂਰਬੀ ਦਿੱਲੀ ਦੇ ਕਾਂਤੀ ਨਗਰ ਵਿੱਚ ਰਾਜਧਾਨੀ ਦੇ ਚੌਥੇ ਬਿਰਧ ਘਰ ‘ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਸੀਨੀਅਰ ਸਿਟੀਜ਼ਨ ਹੋਮ’ ਦਾ ਉਦਘਾਟਨ ਕੀਤਾ।
ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਸੀਨੀਅਰ ਨਾਗਰਿਕਾਂ ਨੂੰ ਤੀਰਥ ਯਾਤਰਾ ’ਤੇ ਭੇਜਦੀ ਹੈ। ਕਰੋਨਾ ਮਹਾਮਾਰੀ ਕਾਰਨ 2020 ਤੇ 2021 ਵਿੱਚ ਯਾਤਰਾ ਨਹੀਂ ਹੋ ਸਕੀ ਪਰ ਹੁਣ ਸਰਕਾਰ ਰਾਜਧਾਨੀ ਦੇ ਸਾਰੇ ਬਜ਼ੁਰਗਾਂ ਨੂੰ ਤੀਰਥ ਯਾਤਰਾ ’ਤੇ ਭੇਜੇਗੀ। ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਤਹਿਤ ਦਿੱਲੀ ਦੇ ਸੀਨੀਅਰ ਨਾਗਰਿਕ ਸਰਕਾਰੀ ਖਰਚੇ ’ਤੇ ਤੀਰਥ ਯਾਤਰਾ ’ਤੇ ਜਾ ਸਕਦੇ ਹਨ। ਕੇਜਰੀਵਾਲ ਨੇ ਕਿਹਾ, ‘‘ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਬਜ਼ੁਰਗਾਂ ਨੂੰ ਕਦੇ ਵੀ ਆਪਣਾ ਘਰ ਨਹੀਂ ਛੱਡਣਾ ਪਏਗਾ ਪਰ ਜੇ ਉਨ੍ਹਾਂ ਨੂੰ ਮਜਬੂਰਨ ਇਹ ਕਰਨਾ ਪੈਂਦਾ ਹੈ ਤਾਂ ਅਸੀਂ ਉਨ੍ਹਾਂ ਨੂੰ ਖੁਸ਼ ਰੱਖਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਅਸੀਂ ਉਨ੍ਹਾਂ ਨੂੰ ਇੱਥੇ ਘਰੇਲੂ ਮਾਹੌਲ ਦੇਵਾਂਗੇ।’’
ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਹੁਣ ਚਾਰ ਬਿਰਧ ਆਸ਼ਰਮ ਹਨ ਤੇ ਪੰਜ ਹੋਰ ਜਲਦੀ ਹੀ ਤਿਆਰ ਹੋ ਜਾਣਗੇ। ਮੁੱਖ ਮੰਤਰੀ ਨੇ ਕਿਹਾ ਕਿ ਕੁੱਲ ਮਿਲਾ ਕੇ ਇਹ ਸਹੂਲਤਾਂ ਇੱਕ ਹਜ਼ਾਰ ਸੀਨੀਅਰ ਨਾਗਰਿਕਾਂ ਨੂੰ ਰਹਿਣ ਦੇ ਯੋਗ ਹੋਣਗੀਆਂ। ਮੁੱਖ ਮੰਤਰੀ ਨੇ ਅੱਗੇ ਕਿਹਾ, ‘‘ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਸਾਨੂੰ ਅਜਿਹੇ ਘਰ ਨਾ ਬਣਾਉਣੇ ਪੈਣ, ਬਜ਼ੁਰਗਾਂ ਨੂੰ ਆਪਣੇ ਘਰ ਵਿੱਚ ਪਿਆਰ ਮਿਲੇ ਪਰ ਜੇਕਰ ਕਿਸੇ ਨੂੰ ਦੇਖਭਾਲ ਦੀ ਲੋੜ ਹੈ ਤਾਂ ਚਿੰਤਾ ਨਾ ਕਰੋ। ਮੈਂ ਤੁਹਾਡਾ ਪੁੱਤਰ ਹਾਂ ਅਤੇ ਮੈਂ ਤੁਹਾਡੀ ਦੇਖਭਾਲ ਕਰਾਂਗਾ।’’
ਸਮਾਜ ਕਲਿਆਣ ਮੰਤਰੀ ਰਾਜਿੰਦਰ ਪਾਲ ਗੌਤਮ ਨੇ ਕਿਹਾ ਕਿ ਸੀਨੀਅਰ ਨਾਗਰਿਕਾਂ ਲਈ ਪੰਜਵਾਂ ਆਸਰਾ ਘਰ ਪੱਛਮੀ ਵਿਹਾਰ ਵਿੱਚ ਬਣ ਰਿਹਾ ਹੈ ਤੇ ਤਿੰਨ ਮਹੀਨਿਆਂ ਵਿੱਚ ਤਿਆਰ ਹੋ ਜਾਵੇਗਾ।