ਪੱਤਰ ਪ੍ਰੇਰਕ
ਨਵੀਂ ਦਿੱਲੀ, 19 ਅਪਰੈਲ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਫ਼ਤਹਿ ਦਿਵਸ ਮੌਕੇ ਪੰਜੇ ਤਖ਼ਤਾਂ ਦੇ ਜਥੇਦਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਣੇ ਸੰਤ ਸਮਾਜ ਤੇ ਨਿਹੰਗ ਜਥੇਬੰਦੀਆਂ ਨੂੰ ਸੱਦਾ ਦਿੱਤਾ ਜਾਵੇਗਾ। ਇਹ ਪ੍ਰਗਟਾਵਾ ਕਰਦੇ ਹੋਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਲਾਲ ਕਿਲ੍ਹੇ ਵਿੱਚ ਮਨਾਏ ਜਾਣ ਵਾਲੇ ਇਸ ਵੱਡੇ ਸਮਾਗਮ ਨੂੰ ਲੈ ਕੇ ਤਿਆਰੀ ਪੂਰੀ ਹੈ ਤੇ ਅਧਿਆਪਕਾਂ ਸਮੇਤ ਹੋਰ ਸਬੰਧਤ ਜਥੇਬੰਦੀਆਂ ਨਾਲ ਮੀਟਿੰਗਾਂ ਦਾ ਦੌਰ ਜਾਰੀ ਹੈ। ਉਨ੍ਹਾਂ ਦੱਸਿਆ ਕਿ ਇਸ ਬੇਮਿਸਾਲ ਸਿੱਖ ਇਤਿਹਾਸ ਤੇ ਵਿਰਾਸਤ ਨੂੰ ਕੌਮੀ ਪੱਧਰ ਉਪਰ ਰੂਪਮਾਨ ਕੀਤਾ ਜਾਵੇਗਾ। ਇਸ ਵਾਰ ਸਿਆਸੀ ਧਿਰਾਂ ਦੇ ਆਗੂਆਂ ਨੂੰ ਨਹੀਂ ਸੱਦਿਆ ਜਾਵੇਗਾ। ਇਸ ਵਾਰ ਦਿੱਲੀ ਫਤਹਿ ਦਿਵਸ 27 ਅਤੇ 28 ਅਪਰੈਲ ਨੂੰ ਲਾਲ ਕਿਲ੍ਹੇ ’ਤੇ ਮਨਾਇਆ ਜਾ ਰਿਹਾ ਹੈ, ਜਿਸਦੇ ਪਹਿਲੇ ਦਿਨ ਕੀਰਤਨ ਦਰਬਾਰ ਹੋਵੇਗਾ ਤੇ ਅਗਲੇ ਦਿਨ ਗੁਰੂ ਕੀਆਂ ਲਾਡਲੀਆਂ ਫੌਜਾਂ ਆਪਣਾ ਜੌਹਰ ਵਿਖਾਉਣਗੀਆਂ।
ਅਕਾਲੀ ਦਲ (ਦਿੱਲੀ ਸਟੇਟ) ਵੱਲੋਂ ਭਾਜਪਾ ਦੀ ਹਮਾਇਤ ਦਾ ਐਲਾਨ ਛੇਤੀ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਉਪਰ ਕਾਬਜ਼ ਸ਼੍ਰੋਮਣੀ ਅਕਾਲੀ ਦਲ (ਦਿੱਲੀ ਸਟੇਟ) ਦੇ ਆਗੂ ਭਾਜਪਾ ਦੇ ਖੇਮੇ ’ਚ ਜਾਣ ਲਈ ਤਿਆਰ ਹਨ, ਜਿਸ ਦਾ ਜਲਦ ਐਲਾਨ ਕੀਤਾ ਜਾਵੇਗਾ। ਦਿੱਲੀ ਕਮੇਟੀ ਵਿੱਚ ਬਹੁਤੇ ਮੈਂਬਰ ਭਾਜਪਾ ਪੱਖੀ ਹੀ ਹਨ। ਇਸ ਅਕਾਲੀ ਧੜੇ ਦੇ ਸੀਨਅਰ ਆਗੂ ਹਰਮੀਤ ਸਿੰਘ ਕਾਲਕਾ ਭਾਜਪਾ ਦੇ ਕਾਲਕਾਜੀ ਤੋਂ ਸਾਬਕਾ ਵਿਧਾਇਕ ਹਨ। ਉਨ੍ਹਾਂ ਦੀ ਪਤਨੀ ਵੀ ਭਾਜਪਾ ਦੀ ਸਾਬਕਾ ਕੌਂਸਲਰ ਹੈ। ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ (ਦਿੱਲੀ ਸਟੇਟ) ਨੇ ਆਮ ਚੋਣਾਂ ਵਿਚ ਸਿੱਖ ਮਸਲੇ ਹੱਲ ਕਰਨ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਮਾਇਤ ਦਾ ਐਲਾਨ ਕਰਨ ਦਾ ਮਨ ਬਣਾ ਲਿਆ ਹੈ, ਜਿਸਦਾ ਰਸਮੀ ਐਲਾਨ ਅਗਲੇ ਹਫਤੇ ਕੀਤਾ ਜਾਵੇਗਾ।