ਪੱਤਰ ਪ੍ਰੇਰਕ
ਨਵੀਂ ਦਿੱਲੀ, 11 ਮਾਰਚ
ਦਿੱਲੀ ਦੇ ਸਿੰਘੂ ਬਾਰਡਰ, ਟਿਕਰੀ ਬਾਰਡਰ ਤੇ ਗਾਜ਼ੀਪੁਰ ਬਾਰਡਰ ’ਤੇ ਚੱਲ ਰਹੇ ਧਰਨਿਆਂ ਵਿੱਚ ਕਿਸਾਨ ਆਗੂਆਂ ਵੱਲੋਂ ਅਗਲੇ ਪ੍ਰੋਗਰਾਮਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਅੱਜ ਸਿੰਘੂ ਵਿੱਚ ਕਿਸਾਨ ਆਗੂਆਂ ਨੇ ਕਿਹਾ ਕਿ ਵਾਢੀ ਦੀਆਂ ਫਸਲਾਂ ਲਈ ਪਿੰਡ ਪੱਧਰ ‘ਤੇ ਉਨ੍ਹਾਂ ਕਿਸਾਨਾਂ ਦੀ ਮਦਦ ਕੀਤੀ ਜਾਵੇਗੀ ਜੋ ਕਿਸਾਨ ਮੋਰਚਿਆਂ ਵਿੱਚ ਡਟੇ ਹੋਏ ਹਨ। ਕਿਸਾਨ ਆਗੂ ਜਗਮੋਹਨ ਸਿੰਘ ਨੇ ਦੱਸਿਆ ਕਿ ਕਿਸਾਨਾਂ ਨੇ ਆਪਣੀਆਂ ਫਸਲਾਂ ਦੇ ਨਾਲ-ਨਾਲ ਨਸਲਾਂ ਵੀ ਸਾਂਭਣੀਆਂ ਹਨ। ਇਸ ਕਰਕੇ ਪਿੰਡ ਪੱਧਰ ’ਤੇ ਧੜੇਬੰਦੀ ਖਤਮ ਹੋਣ ਕਰਕੇ ਸਾਂਝੀਵਾਲਤਾ ਦਾ ਨਿੱਗਰ ਸੁਨੇਹਾ ਗਿਆ ਹੈ ਤੇ ਫਸਲਾਂ ਸਾਂਭਣ ਦੇ ਸਾਂਝੇ ਉਦਮ ਹੋਣ ਲੱਗੇ ਹਨ। ਉਨ੍ਹਾਂ ਕਿਹਾ ਕਿ ਕਾਰਪੋਰੇਟਾਂ ਦੇ ਤਰੀਕੇ ਆਮ ਲੋਕਾਂ ਨੂੰ ਤਬਾਹ ਕਰਨਗੇ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਜ਼ਮੀਨ ਦੇ ਰਿਕਾਰਡ ਅਪਲੋਡ ਕਰਨ ਦੀ ਨਵੀਂ ਸ਼ਰਤ ਪ੍ਰੇਸ਼ਾਨ ਕਰਨ ਵਾਲਾ ਫ਼ੈਸਲਾ ਹੈ ਕਿਉਂਕਿ ਪੰਜਾਬ ਦੇ ਕਰੀਬ 6.5 ਲੱਖ ਕਾਸ਼ਤਕਾਰ ਹਨ ਜਿਨ੍ਹਾਂ ਕੋਲ ਜ਼ਮੀਨ ਦੀ ਮਾਲਕੀ ਦੇ ਹੱਕ ਨਹੀਂ ਹਨ। ਅਜਿਹੇ ਮਾਮਲਿਆਂ ਵਿੱਚ ਫਸਲਾਂ ਦੀ ਅਦਾਇਗੀ ਪ੍ਰੇਸ਼ਾਨੀ ਦਾ ਸਬੱਬ ਬਣੇਗੀ।
ਉਨ੍ਹਾਂ ਇਹ ਫ਼ੈਸਲਾ ਤੁਰੰਤ ਰੱਦ ਕਰਨ ਦੀ ਮੰਗ ਕੀਤੀ। ਕਿਸਾਨ ਆਗੂਆਂ ਨੇ ਮੋਦੀ ਭਗਤਾਂ ਦਾ ਅੰਲਕਾਰ ਲਾ ਕੇ ਕਿਹਾ ਕਿ ਹੁਣ ਡੀਜ਼ਲ, ਪੈਟਰੋਲ, ਰੋਸਈ ਗੈਸ ਨੇ ਹਰੇਕ ਦੀਆਂ ਜੇਬਾਂ ਉਪਰ ਡਾਕਾ ਮਾਰਿਆ ਹੈ। ਲਵਪ੍ਰੀਤ ਕੌਰ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਉਹ ਤੇਲ ਗੈਸ ਦੀਆਂ ਕੀਮਤਾਂ ਘਟਾਵੇ। ਇਸੇ ਦੌਰਾਨ ਕਿਸਾਨ ਆਗੂਆਂ ਦੀ ਅੱਜ ਸਿੰਘੂ ਵਿੱਚ ਬੈਠਕ ਹੋਈ, ਜਿਸ ਵਿੱੱਚ ਅਗਲੇ ਦਿਨਾਂ ਦੌਰਾਨ ਮੋਰਚਿਆਂ ਉਪਰ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਨਾਲ ਜੁੜੇ ਮੁੱਦੇ ਵਿਚਾਰੇ ਗਏ।