ਪੱਤਰ ਪ੍ਰੇਰਕ
ਨਵੀਂ ਦਿੱਲੀ, 29 ਅਪਰੈਲ
ਦਿੱਲੀ ਦੇ ਟਿਕਰੀ ਬਾਰਡਰ ’ਤੇ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਆਗੂ ਬਸੰਤ ਸਿੰਘ ਕੋਠਾਗੁਰੂ ਨੇ ਕਿਹਾ ਕਿ ਖੇਤਾਂ ਦੇ ਪੁੱਤ ਹੋ ਕੇ ਖੇਤੀ ਤੇ ਖੇਤ ਹੀ ਨਹੀਂ ਬਚਾਵਾਂਗੇ, ਸਗੋਂ ਦੇਸ਼ ਵਿੱਚ ਬਣੇ ਜ਼ਮੀਨੀ ਹੱਦਬੰਦੀ ਕਾਨੂੰਨ ਤੋਂ ਵਾਫ਼ਰ ਜ਼ਮੀਨਾਂ ਕਬਜ਼ੇ ਹੇਠਿਓਂ ਕੱਢਣ ਦਾ ਕੰਮ ਵੀ ਸ਼ੁਰੂ ਕਰਾਂਗੇ। ਉਨ੍ਹਾਂ ਕਿਹਾ ਕਿ ਇਕੱਲੇ ਪੰਜਾਬ ਵਿਚ ਹੀ 17 ਲੱਖ ਏਕੜ ਜ਼ਮੀਨ ਵਾਫ਼ਰ ਪਈ ਹੈ ਜਿਸ ਨੂੰ ਜੇਕਰ ਕੁੱਲ ਵਾਹੀਯੋਗ ਪਰਿਵਾਰਾਂ ਵਿੱਚ ਵੰਡਿਆ ਜਾਵੇ ਤਾਂ ਹਰ ਪਰਿਵਾਰ ਦੇ ਹਿੱਸੇ ਤਿੰਨ ਏਕੜ ਜ਼ਮੀਨ ਆਵੇਗੀ। ਜੇਕਰ ਪੂਰੇ ਭਾਰਤ ਦੀ ਜ਼ਮੀਨ ਇਸ ਕਾਨੂੰਨ ਅਨੁਸਾਰ ਵੰਡੀ ਜਾਵੇ ਤਾਂ ਪੰਜ ਏਕੜ ਜ਼ਮੀਨ ਹਰ ਪਰਿਵਾਰ ਦੇ ਹਿੱਸੇ ਆਵੇਗੀ ਤੇ ਸਾਡਾ ਮੰਦਵਾੜਾ ਧੋਤਾ ਜਾ ਸਕਦਾ ਹੈ। ਉੱਧਰ, ਜਸਵੰਤ ਸਿੰਘ ਤੋਲੇਵਾਲ ਨੇ ਕਿਹਾ ਕਿ ਫੰਡ ਸੰਘਰਸ਼ ਲਈ ਕਾਫ਼ੀ ਅਹਿਮ ਹੁੰਦੇ ਹਨ, ਇਸ ਲਈ ਪੰਜਾਬ ਵਿੱਚ ਵਾਢੀ ਦਾ ਕੰਮ ਮੁਕੰਮਲ ਕਰ ਕੇ ਫੰਡ ਮੁਹਿੰਮ ਪਿੰਡਾਂ ਵਿੱਚ ਸ਼ੁਰੂ ਹੋ ਚੁੱਕੀ ਹੈ। ਹੁਣ ਸੰਘਰਸ਼ ਦਾ ਤੀਜਾ ਪੜਾਅ ਆ ਗਿਆ ਹੈ ਜਿਸ ਵਿੱਚ ਬਹੁਤ ਸੰਜਮ, ਸੁਹਿਰਦਤਾ ਤੇ ਅਨੁਸ਼ਾਸਨ ਨੂੰ ਵਧੇਰੇ ਅਸਰਦਾਰ ਢੰਗ ਨਾਲ ਅਮਲ ਵਿੱਚ ਲਿਆਉਣ ਲਈ ਵਿਸ਼ੇਸ਼ ਟੀਮਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ।
ਤਰਕਸ਼ੀਲ ਜਾਦੂਗਰ ਸੁਖਦੇਵ ਮਲੂਕਪੁਰੀ ਤੇ ਰਾਮ ਸਿੰਘ ਨਿਰਮਾਣ ਨੇ ਹੱਥ ਦੀ ਸਫ਼ਾਈ ਦੇ ਸ਼ੋਅ ਦਿਖਾ ਕੇ ਕਿਰਤੀ ਲੋਕਾਂ ਨੂੰ ਵਿਗਿਆਨਕ ਸੋਚ ਅਪਣਾਉਣ ਲਈ ਪ੍ਰੇਰਿਆ। ਇਸ ਦੌਰਾਨ ਬਲਬੀਰ ਕੌਰ ਪਾਤੜਾਂ, ਪਰਮਜੀਤ ਕੌਰ ਬੁੱਟਰ (ਮੋਗਾ), ਰਘਬੀਰ ਸਿੰਘ ਸਿਰਸਾ (ਹਰਿਆਣਾ) ਤੇ ਮਨਜੀਤ ਸਿੰਘ (ਹਰਿਆਣਾ) ਨੇ ਵੀ ਸੰਬੋਧਨ ਕੀਤਾ।