ਪੱਤਰ ਪ੍ਰੇਰਕ
ਨਵੀਂ ਦਿੱਲੀ, 1 ਜੁਲਾਈ
ਕੌਮੀ ਡਾਕਟਰ ਦਿਵਸ ਮੌਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਡਾਕਟਰਾਂ, ਨਰਸਾਂ ਤੇ ਪੈਰਾ ਮੈਡੀਕਲ ਸਟਾਫ ਦਾ ਕੋਵਿਡ-19 ਦੀ ਦੂਜੀ ਲਹਿਰ ਦੌਰਾਨ ਅਸਧਾਰਨ ਸੇਵਾ ਲਈ ਧੰਨਵਾਦ ਕੀਤਾ।
ਸ੍ਰੀ ਕੇਜਰੀਵਾਲ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਕਰੋਨਾਵਾਇਰਸ ਨਾਲ ਨਜਿੱਠਣ ਲਈ ਮਿਲ ਕੇ ਕੰਮ ਕਰਨ ਦੀ ਲੋੜ ਹੈ। ਇਸ ਮਗਰੋਂ ਸਤਿੰਦਰ ਜੈਨ ਨੇ ਇੰਦਰਾ ਗਾਂਧੀ ਹਸਪਤਾਲ ਵਿੱਚ ਨਵੇਂ ਡਾਇਲੇਸਿਸ ਤੇ ਪੈਡੀਆਟ੍ਰਿਕ ਆਈਸੀਯੂ ਵਾਰਡ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਦਾ ਇੰਦਰਾ ਗਾਂਧੀ ਹਸਪਤਾਲ ਕੋਵਿਡ-19 ਦੀ ਸੰਭਾਵਿਤ ਤੀਜੀ ਲਹਿਰ ਲਈ ਤਿਆਰ ਹੈ। ਹਸਪਤਾਲ ਦੇ 1243 ਬੈੱਡ ਮਰੀਜ਼ਾਂ ਲਈ ਨਾਲ ਤਿਆਰ ਹਨ। ਸ੍ਰੀ ਜੈਨ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਸਰਕਾਰ ਆਪਣੇ ਨਾਗਰਿਕਾਂ ਲਈ ਵਿਸ਼ਵ ਪੱਧਰੀ ਸਿਹਤ ਸਹੂਲਤਾਂ ਤਿਆਰ ਕਰ ਰਹੀ ਹੈ।
ਸ੍ਰੀ ਕੇਜਰੀਵਾਲ ਨੇ ਅੱਗੇ ਕਿਹਾ, ‘ਅਸੀਂ ਇੱਕ ਸਾਲ ਤੋਂ ਵੀ ਵੱਧ ਸਮੇਂ ਤੋਂ ਕਰੋਨਾ ਮਹਾਮਾਰੀ ਨਾਲ ਜੂਝ ਰਹੇ ਹਾਂ। ਅਸੀਂ ਇਸ ਦੀਆਂ ਦੋ ਲਹਿਰਾਂ ਦਾ ਸਾਹਮਣਾ ਕੀਤਾ ਹੈ। ਦੂਜੀ ਲਹਿਰ ਵਧੇਰੇ ਖ਼ਤਰਨਾਕ ਸੀ। ਲੱਗਪਗ ਹਰ ਪਰਿਵਾਰ ਦੂਜੀ ਲਹਿਰ ਤੋਂ ਪ੍ਰਭਾਵਤ ਹੋਇਆ। ਇਸ ਦੌਰਾਨ ਕਈ ਲੋਕਾਂ ਦੀਆਂ ਜਾਨਾਂ ਵੀ ਗਈਆਂ। ਦਿੱਲੀ ਸਰਕਾਰ ਨੇ ਡਾਕਟਰਾਂ, ਨਰਸਾਂ ਅਤੇ ਪੈਰਾ ਮੈਡੀਕਲ ਸਟਾਫ ਦੇ ਨਾਲ ਮਿਲ ਕੇ ਕਰੋਨਾਵਾਇਰਸ ਨਾਲ ਨਜਿੱਠਣ ਲਈ ਪੂਰੀ ਵਾਹ ਲਾਈ। ਦਿੱਲੀ ਸਰਕਾਰ ਕੋਸ਼ਿਸ਼ ਕਰ ਰਹੀ ਹੈ ਕਿ ਦੂਜੀ ਲਹਿਰ ਦੌਰਾਨ ਸਾਨੂੰ ਜਿਹੜੀਆਂ ਮੁਸ਼ਕਲਾਂ, ਖਾਸਕਾਰ ਆਕਸੀਜਨ ਦੀ ਘਾਟ, ਦਾ ਸਾਹਮਣਾ ਕਰਨਾ ਪਿਆ, ਉਹ ਤੀਜੀ ਲਹਿਰ ਦੇ ਦੌਰਾਨ ਨਾ ਕਰਨਾ ਪਵੇ।’
ਕਰੋਨਾ: ਦਿੱਲੀ ’ਚ 91 ਨਵੇਂ ਕੇਸ ਮਿਲੇ, 4 ਮੌਤਾਂ
ਨਵੀਂ ਦਿੱਲੀ: ਦਿੱਲੀ ਦੇ ਸਿਹਤ ਮਹਿਕਮੇ ਵੱਲੋਂ ਜਾਰੀ ਸਿਹਤ ਬੁਲੇਟਿਨ ਵਿੱਚ ਕਿਹਾ ਗਿਆ ਕਿ ਬੀਤੇ 24 ਘੰਟਿਆਂ ਦੌਰਾਨ ਦਿੱਲੀ ਵਿੱਚ ਕਰੋਨਾ ਦੇ 91 ਨਵੇਂ ਕੇਸ ਮਿਲੇ ਹਨ ਤੇ 4 ਲੋਕਾਂ ਦੀ ਮੌਤ ਹੋ ਗਈ। ਪਾਜ਼ੇਟਿਵ ਦਰ 0.12 ਫ਼ੀਸਦੀ ਤੱਕ ਆ ਗਈ ਹੈ। ਬੀਤੇ ਦਿਨ ਲਾਗ ਦੇ 94 ਮਾਮਲੇ ਦਰਜ ਕੀਤੇ ਗਏ ਸਨ ਜਦਕਿ 6 ਲੋਕਾਂ ਦੀ ਮੌਤ ਹੋ ਗਈ ਸੀ। ਅੰਕੜਿਆਂ ਮੁਤਾਬਕ ਬੀਤੇ 24 ਘੰਟਿਆਂ ਦੌਰਾਨ 111 ਮਰੀਜ਼ ਠੀਕ ਹੋ ਕੇ ਘਰਾਂ ਨੂੰ ਚਲੇ ਗਏ। ਦਿੱਲੀ ਵਿੱਚ ਹੁਣ ਤੱਕ ਕੁੱਲ ਮਾਮਲੇ 14,34,281 ਹੋ ਗਏ ਹਨ ਤੇ ਮ੍ਰਿਤਕਾਂ ਦੀ ਕੁੱਲ ਗਿਣਤੀ 24,981 ਹੋਣ ਨਾਲ ਮੌਤ ਦਰ 1.74 ਫ਼ੀਸਦ ਹੈ। ਅਪਰੈਲ ਵਿੱਚ ਕਰੋਨਾ ਮਰੀਜ਼ਾਂ ਦੀ ਪਾਜ਼ੇਟਿਵ ਦਰ 36 ਫ਼ੀਸਦੀ ਤੱਕ ਪੁੱਜ ਗਈ ਤੇ ਹੁਣ ਕਈ ਦਿਨਾਂ ਤੋਂ .20 ਫ਼ੀਸਦੀ ਤੋਂ ਹੇਠਾਂ ਚੱਲ ਰਹੀ ਹੈ। ਵੀਰਵਾਰ ਦੇ ਬੁਲੇਟਿਨ ’ਚ ਦੱਸਿਆ ਗਿਆ ਕਿ ਲੰਘੇ 24 ਘੰਟਿਆਂ ’ਚ 24,468 ਟੈਸਟ ਕੀਤੇ ਗਏ। ਸਰਗਰਮ ਮਾਮਲਿਆਂ ਦੀ ਗਿਣਤੀ ਬੁੱਧਵਾਰ ਨੂੰ 1,379 ਤੋਂ ਘੱਟ ਕੇ 1,357 ਰਹਿ ਗਈ। ਕੋਵਿਡ-19 ਤੋਂ ਲੱਗਪਗ 14,07,943 ਮਰੀਜ਼ ਠੀਕ ਹੋਏ ਹਨ। ਬੁਲੇਟਿਨ ਮੁਤਾਬਕ ਘਰਾਂ ’ਚ ਇਕਾਂਤਵਾਸ ਮਰੀਜ਼ਾਂ ਦੀ ਗਿਣਤੀ ਘਟ ਕੇ 314 ਰਹਿ ਗਈ ਹੈ ਜੋ ਇੱਕ ਦਿਨ ਪਹਿਲਾਂ ਇਕ ਦਿਨ ਪਹਿਲਾਂ 329 ਸੀ। ਕੰਟੇਨਮੈਂਟ ਜ਼ੋਨਾਂ ਦੀ ਗਿਣਤੀ ਵੀ ਪਿਛਲੇ ਦਿਨ 1,599 ਦੇ ਮੁਕਾਬਲੇ 1,349 ਰਹਿ ਗਈ।