ਪੱਤਰ ਪ੍ਰੇਰਕ
ਨਵੀਂ ਦਿੱਲੀ, 13 ਸਤੰਬਰ
ਦਿੱਲੀ ਪੁਲੀਸ ਦੀ ਅਪਰਾਧ ਸ਼ਾਖਾ ਵਾਇਰਲ ਹੋਏ ਹੱਥ ਲਿਖਤ ਨੋਟ ਦੀ ਜਾਂਚ ਕਰ ਰਹੀ ਹੈ ਜਿਸ ਦੀ ਇੱਕ ਫੋਟੋ ਜੰਮੂ-ਕਸ਼ਮੀਰ ਦੇ ਸਾਬਕਾ ਐਮਐਲਸੀ ਤ੍ਰਿਲੋਚਨ ਸਿੰਘ ਵਜ਼ੀਰ ਦੇ ਕਤਲ ਦੇ ਕਥਿਤ ਦੋਸ਼ੀ ਹਰਮੀਤ ਸਿੰਘ ਦੇ ਫੇਸਬੁੱਕ ਅਕਾਊਂਟ ’ਤੇ ਪੋਸਟ ਕੀਤੀ ਗਈ ਸੀ। ਪੁਲੀਸ ਅਨੁਸਾਰ ਹਰਮੀਤ ਸਿੰਘ ਨੇ ਪੋਸਟ ਵਿੱਚ ਅਪਰਾਧ ਕਬੂਲਿਆ ਹੈ ਜੋ ਹੁਣ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਗਿਆ ਹੈ। ਦਿੱਲੀ ਪੁਲੀਸ ਦੀ ਅਪਰਾਧ ਸ਼ਾਖਾ ਨੇ ਕਿਹਾ ਕਿ ਇਹ ਜਾਂਚ ਕਰ ਰਹੀ ਹੈ ਕਿ ਕੀ ਇਹ ਨੋਟ ਸਿੰਘ ਦੇ ਫੇਸਬੁੱਕ ਅਕਾਊਂਟ ਤੋਂ ਅਪਲੋਡ ਕੀਤਾ ਗਿਆ ਸੀ ਜਾਂ ਉਸ ਦੇ ਨਾਂ ’ਤੇ ਨਵਾਂ ਖਾਤਾ ਬਣਾਇਆ ਗਿਆ ਸੀ। ਦਿੱਲੀ ਪੁਲੀਸ ਇਸ ਮਾਮਲੇ ਦੇ ਹੋਰ ਮੁਲਜ਼ਮ ਹਰਪ੍ਰੀਤ ਸਿੰਘ ਦੇ ਪਰਿਵਾਰ ਤੋਂ ਜੰਮੂ ਵਿੱਚ ਵੀ ਪੁੱਛਗਿੱਛ ਕਰ ਰਹੀ ਸੀ। ਵਜ਼ੀਰ ਕਤਲ ਸਬੰਧੀ ਦਿੱਲੀ ਪੁਲੀਸ ਦੁਆਰਾ ਦਰਜ ਕੀਤੀ ਗਈ ਐਫਆਈਆਰ ਅਪਰਾਧ ਸ਼ਾਖਾ ਨੂੰ ਤਬਦੀਲ ਕਰ ਦਿੱਤੀ ਗਈ ਸੀ।