ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 27 ਜੁਲਾਈ
ਕੌਮੀ ਰਾਜਧਾਨੀ ਦਿੱਲੀ ਵਿੱਚ ਅੱਜ ਪਏ ਭਰਵੇਂ ਮੀਂਹ ਨੇ ਫਿਰ ਪਿਛਲੇ ਹਫ਼ਤੇ ਵਾਲੀ ਕਹਾਣੀ ਦੁਹਰਾਈ ਤੇ ਥਾਂ-ਥਾਂ ਪਾਣੀ ਭਰ ਗਿਆ ਜਿਸ ਵਿੱਚ ਦਿੱਲੀ ਸਰਕਾਰ, ਦਿੱਲੀ ਨਗਰ ਨਿਗਮਾਂ ਦੇ ਤਿੰਨਾਂ ਜ਼ੋਨਾਂ ਤੇ ਨਵੀਂ ਦਿੱਲੀ ਨਗਰ ਪਰਿਸ਼ਦ ਦੇ ਕੀਤੇ ਦਾਅਵੇ ਤੇ ਵਾਅਦੇ ਵੀ ਡੁੱਬ ਗਏ। ਭਾਰੀ ਮੀਂਹ ਨੇ ਦਿੱਲੀ ਦੀਆਂ ਸੜਕਾਂ ਪਾਣੀ ਵਿੱਚ ਡੋਬ ਦਿੱਤੀਆਂ ਜਿਸ ਕਾਰਨ ਵਾਹਨਾਂ ਚਾਲਕਾਂ ਖ਼ਾਸ ਕਰਕੇ ਦੋ ਪਹੀਆ ਵਾਹਨ ਚਾਲਕਾਂ ਨੂੰ ਭਰੇ ਪਾਣੀ ਵਿੱਚੋਂ ਨਿਕਲਣ ਦੌਰਾਨ ਪ੍ਰੇਸ਼ਾਨੀ ਹੋਈ। ਦਿੱਲੀ-ਐੱਨਸੀਆਰ ਵਿੱਚ ਮੀਂਹ ਕਾਰਨ ਕਈ ਇਲਾਕਿਆਂ ਵਿੱਚ ਪਾਣੀ ਭਰਿਆ ਹੋਇਆ ਹੈ। ਕੁਝ ਥਾਵਾਂ ਅਤੇ ਖੇਤਰਾਂ ਵਿੱਚ ਜਿੱਥੇ ਪਾਣੀ ਭਰਿਆ ਹੋਇਆ ਵੇਖਿਆ ਗਿਆ ਉਨ੍ਹਾਂ ਵਿੱਚ ਧੌਲਾ ਕੂਆਂ, ਮਥੁਰਾ ਰੋਡ, ਮੋਤੀ ਬਾਗ, ਵਿਕਾਸ ਮਾਰਗ, ਰਿੰਗ ਰੋਡ, ਰੋਹਤਕ ਰੋਡ, ਸੰਗਮ ਵਿਹਾਰ, ਕਰੀਰੀ ਅਤੇ ਪ੍ਰਗਤੀ ਮੈਦਾਨ ਨੇੜੇ ਹੋਰ ਖੇਤਰ ਸ਼ਾਮਲ ਸਨ। ਪਾਣੀ ਭਰਨ ਨਾਲ ਸ਼ਹਿਰ ਦੇ ਵੱਖ-ਵੱਖ ਥਾਵਾਂ ’ਤੇ ਟ੍ਰੈਫਿਕ ਆਈਟੀਓ, ਮੋਤੀ ਬਾਗ ਮੈਟਰੋ ਸਟੇਸ਼ਨ ਦੇ ਹੇਠਾਂ, ਧੌਲਾ ਕੂਆਂ ਅੰਡਰਪਾਸ, ਪ੍ਰਗਤੀ ਮੈਦਾਨ ਦੇ ਨੇੜੇ, ਮਥੁਰਾ ਰੋਡ, ਵਿਕਾਸ ਮਾਰਗ, ਆਈਪੀ ਫਲਾਈਓਵਰ ਦੇ ਨੇੜੇ ਰਿੰਗ ਰੋਡ, ਰੋਹਤਕ ਰੋਡ ਤੇ ਹੋਰਾਂ ਦੇ ਨਾਲ ਆਵਾਜਾਈ ਕੱਛੂ ਕੁੰਮੇ ਦੀ ਤੋਰ ਤੁਰ ਰਹੀ ਸੀ। ਲੋਕ ਨਿਰਮਾਣ ਵਿਭਾਗ (ਪੀਡਬਲਿਊਡੀ) ਦੇ ਅਧਿਕਾਰੀਆਂ ਨੇ ਕਿਹਾ ਕਿ ਪਾਣੀ ਭਰਨ ਦੀਆਂ ਸ਼ਿਕਾਇਤਾਂ ਨੂੰ ਪਹਿਲ ਦੇ ਅਧਾਰ ’ਤੇ ਨਜਿੱਠਿਆ ਜਾ ਰਿਹਾ ਹੈ।
ਮੈਟਰੋ ਸੇਵਾਵਾਂ ਵੀ ਦੋ ਘੰਟੇ ਪ੍ਰਭਾਵਿਤ ਰਹੀਆਂ
ਡੀਐਮਆਰਸੀ ਨੇ ਕਿਹਾ ਕਿ ਸਾਕੇਤ ਮੈਟਰੋ ਸਟੇਸ਼ਨ ਦੇ ਆਉਣ ਜਾਣ ਵਾਲੇ ਗੇਟ ਦੁਬਾਰਾ ਖੋਲ੍ਹ ਦਿੱਤੇ ਗਏ ਤੇ ਮੰਗਲਵਾਰ ਨੂੰ ਪਾਣੀ ਭਰਨ ਕਾਰਨ ਰੁਕਾਵਟ ਆਉਣ ਤੋਂ ਬਾਅਦ ਆਮ ਸੇਵਾਵਾਂ ਦੁਬਾਰਾ ਸ਼ੁਰੂ ਹੋ ਗਈਆਂ ਸਨ। ਸੇਵਾਵਾਂ ਲਗਪਗ ਦੋ ਘੰਟੇ ਪ੍ਰਭਾਵਤ ਹੋਈਆਂ। ਬਾਅਦ ਵਿਚ ਇਕ ਟਵੀਟ ਵਿਚ, ਡੀਐੱਮਆਰਸੀ ਨੇ ਕਿਹਾ ਕਿ ਸਾਕੇਟ ਮੈਟਰੋ ਸਟੇਸ਼ਨ ’ਤੇ ਸਧਾਰਨ ਸੇਵਾ ਦੁਬਾਰਾ ਸ਼ੁਰੂ ਹੋਈ। ਗੇਟ ਨੰਬਰ 1 ਦਾਖਲਾ, ਨਿਕਾਸ ਲਈ ਖੋਲ੍ਹ ਦਿੱਤਾ।
ਦਿੱਲੀ ਵਿੱਚ ਅਗਲੇ ਦਿਨਾਂ ਵਿੱਚ ਦਰਮਿਆਨੀ ਬਾਰਸ਼ ਦੀ ਸੰਭਾਵਨਾ
ਭਾਰਤ ਦੇ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਦਿੱਲੀ ਵਿੱਚ ਅਗਲੇ ਦਿਨਾਂ ਵਿੱਚ ਵੀ ਹਲਕੀ ਤੋਂ ਦਰਮਿਆਨੀ ਬਾਰਸ਼ ਹੋਣ ਦੀ ਸੰਭਾਵਨਾ ਹੈ।ਆਈਐਮਡੀ ਨੇ ਕਿਹਾ ਕਿ ਪੂਰੀ ਦਿੱਲੀ, ਗੁਰੂਗ੍ਰਾਮ, ਮਨੇਸਰ (ਹਰਿਆਣਾ) ਤੇ ਆਸ ਪਾਸ ਦੇ ਇਲਾਕਿਆਂ ਦੇ ਕਈ ਥਾਵਾਂ ’ਤੇ ਹਲਕੀ ਤੋਂ ਦਰਮਿਆਨੀ ਬਾਰਸ਼ ਜਾਰੀ ਰਹੇਗੀ। ਉੱਤਰ ਭਾਰਤ ਵਿੱਚ 18-21 ਜੁਲਾਈ ਤੋਂ ਪੱਛਮੀ ਤੱਟ ਤੋਂ 23 ਜੁਲਾਈ ਤੱਕ ਤੇਜ਼ ਬਾਰਸ਼ ਹੋਣ ਦੀ ਸੰਭਾਵਨਾ ਹੈ। ਰਾਸ਼ਟਰੀ ਰਾਜਧਾਨੀ ਵਿੱਚ ਸੋਮਵਾਰ ਨੂੰ ਵੱਧ ਤੋਂ ਵੱਧ ਤਾਪਮਾਨ 33.1 ਡਿਗਰੀ ਸੈਲਸੀਅਸ ਤੇ ਐਤਵਾਰ ਨੂੰ 37.3 ਡਿਗਰੀ ਸੈਲਸੀਅਸ ਨਾਪਿਆ ਗਿਆ। ਭਾਰਤ ਮੌਸਮ ਵਿਭਾਗ (ਆਈਐੱਮਡੀ) ਦੇ ਅਨੁਸਾਰ, ਦੱਖਣ-ਪੱਛਮੀ ਮੌਨਸੂਨ 13 ਜੁਲਾਈ ਨੂੰ ਰਾਜਧਾਨੀ ਪਹੁੰਚਿਆ ਸੀ, ਜੋ ਕਿ ਸ਼ੁਰੂਆਤ ਦੀ ਆਮ ਤਾਰੀਖ਼ ਤੋਂ 16 ਦਿਨ ਪਿੱਛੇ ਸੀ। ਆਮ ਤੌਰ ’ਤੇ ਮੌਨਸੂਨ 27 ਜੂਨ ਤਕ ਦਿੱਲੀ ਪਹੁੰਚ ਜਾਂਦਾ ਹੈ। ਇਹ 8 ਜੁਲਾਈ ਤਕ ਪੂਰੇ ਦੇਸ਼ ਨੂੰ ਕਵਰ ਕਰਦਾ ਹੈ। ਪਿਛਲੇ ਸਾਲ ਹਵਾ ਪ੍ਰਣਾਲੀ 25 ਜੂਨ ਨੂੰ ਦਿੱਲੀ ਪਹੁੰਚ ਗਈ ਸੀ ਅਤੇ 29 ਜੂਨ ਤੱਕ ਸਾਰੇ ਦੇਸ਼ ਨੂੰ ਕਵਰ ਕਰ ਲਿਆ ਸੀ।