ਪੱਤਰ ਪ੍ਰੇਰਕ
ਨਵੀਂ ਦਿੱਲੀ, 16 ਮਈ
ਤੇਜ਼ ਗਰਮੀ ਦੌਰਾਨ ਵਜ਼ੀਰਾਬਾਦ, ਚੰਦਰਵਾਲ ਤੇ ਓਖਲਾ ਦੇ ਤਾਲਾਬਾਂ ‘ਚ ਪਾਣੀ ਦਾ ਪੱਧਰ ਘਟਣ ਕਾਰਨ ਕੱਲ ਸਵੇਰ ਤੋਂ ਦਿੱਲੀ ’ਚ ਪਾਣੀ ਦੀ ਸਪਲਾਈ ਪ੍ਰਭਾਵਿਤ ਰਹੇਗੀ ਤੇ ਤਾਲਾਬ ਦੇ ਪੱਧਰ ’ਚ ਸੁਧਾਰ ਹੋਣ ਤੱਕ ਸੇਵਾਵਾਂ ਪ੍ਰਭਾਵਿਤ ਰਹਿਣਗੀਆਂ। ਦਿੱਲੀ ਜਲ ਬੋਰਡ ਨੇ ਇੱਕ ਤਾਜ਼ਾ ਨੋਟੀਫਿਕੇਸ਼ਨ ਵਿੱਚ ਕਿਹਾ ਹੈ ਕਿ ਵਜ਼ੀਰਾਬਾਦ ਵਾਟਰ ਵਰਕਸ ’ਚ ਯਮੁਨਾ ਦੇ ਤਾਲਾਬ ਦਾ ਪੱਧਰ ਆਮ ਪੱਧਰ ਦੇ ਉਲਟ ਘਟਣ ਤੇ ਯਮੁਨਾ ਨਦੀ ’ਚ ਹਰਿਆਣਾ ਦੁਆਰਾ ਕੱਚੇ ਪਾਣੀ ਨੂੰ ਛੱਡਣ ’ਚ ਕਮੀ ਕਾਰਨ ਵਜ਼ੀਰਾਬਾਦ, ਚੰਦਰਵਾਲ ਤੇ ਓਖਲਾ ਸਥਿਤ ਵਾਟਰ ਟਰੀਟਮੈਂਟ ਪਲਾਂਟਾਂ ਤੋਂ ਪਾਣੀ ਦਾ ਉਤਪਾਦਨ ਪ੍ਰਭਾਵਿਤ ਹੋਇਆ ਹੈ। ਦਿੱਲੀ ਜਲ ਬੋਰਡ ਨੇ ਅੱਗੇ ਕਿਹਾ 17 ਮਈ ਦੀ ਸਵੇਰ ਤੋਂ ਅਤੇ ਜਦੋਂ ਤੱਕ ਤਲਾਅ ਦਾ ਪੱਧਰ ਆਮ ਵਾਂਗ ਨਹੀਂ ਹੋ ਜਾਂਦਾ ਪਾਣੀ ਦੀ ਸਪਲਾਈ ਪ੍ਰਭਾਵਿਤ ਰਹੇਗੀ।
ਦਿੱਲੀ ਸਰਕਾਰ ਨੇ ਦੋ ਹਫ਼ਤਿਆਂ ’ਚ ਤੀਜੀ ਵਾਰ ਹਰਿਆਣਾ ਸਰਕਾਰ ਨੂੰ ਇੱਕ ‘ਐਸਓਐਸ’ ਭੇਜਿਆ ਕਿ ਪਾਣੀ ਦੇ ਸੰਕਟ ਨੂੰ ਰੋਕਣ ਲਈ ਯਮੁਨਾ ਨਦੀ ’ਚ ਪਾਣੀ ਛੱਡਣ ਦੀ ਅਪੀਲ ਕੀਤੀ। ਇੱਕ ਅਧਿਕਾਰੀ ਨੇ ਸੂਚਿਤ ਕੀਤਾ ਕਿ ਹਰਿਆਣਾ ਦਰਿਆ ’ਚ ਘੱਟ ਪਾਣੀ ਛੱਡ ਰਿਹਾ ਹੈ, ਜਿਸ ਕਾਰਨ ਵਜ਼ੀਰਾਬਾਦ ਦੇ ਤਾਲਾਬ ’ਚ ਪਾਣੀ ਦਾ ਪੱਧਰ 671.80 ਫੁੱਟ ਦੇ ਨਾਜ਼ੁਕ ਹੇਠਲੇ ਪੱਧਰ ‘ਤੇ ਆ ਗਿਆ ਹੈ ਜਦੋਂ ਕਿ 674.5 ਫੁੱਟ ਦੇ ਆਮ ਪੱਧਰ ਦੇ ਮੁਕਾਬਲੇ ਦਿੱਲੀ ਦੇ ਕਈ ਖੇਤਰਾਂ ’ਚ ਪਾਣੀ ਦੀ ਕਮੀ ਹੋ ਸਕਦੀ ਹੈ।
ਦਿੱਲੀ ਨੂੰ ਲਗਭਗ 1,200 ਐਮਜੀਡੀ ਪਾਣੀ ਦੀ ਲੋੜ ਹੈ ਜਦੋਂ ਕਿ ਦਿੱਲੀ ਜਲ ਬੋਰਡ ਲਗਭਗ 950 ਐਮਜੀਡੀ ਸਪਲਾਈ ਕਰਦਾ ਹੈ। ਚੰਦਰਵਾਲ ਤੇ ਵਜ਼ੀਰਾਬਾਦ ਵਾਟਰ ਟਰੀਟਮੈਂਟ ਪਲਾਂਟਾਂ ਦੀ ਸਮਰੱਥਾ ਕ੍ਰਮਵਾਰ 90 ਐਮਜੀਡੀ ਤੇ 135 ਐਮਜੀਡੀ ਹੈ। ਦੋਵੇਂ ਪਲਾਂਟ ਵਜ਼ੀਰਾਬਾਦ ਦੇ ਟੋਭੇ ਤੋਂ ਕੱਚੇ ਪਾਣੀ ਨੂੰ ਚੁੱਕਦੇ ਹਨ ਇਸਨੂੰ ਟਰੀਟ ਕਰਦੇ ਹਨ ਤੇ ਇਸਨੂੰ ਉੱਤਰ-ਪੂਰਬੀ ਦਿੱਲੀ, ਪੱਛਮੀ ਦਿੱਲੀ, ਉੱਤਰੀ ਦਿੱਲੀ, ਮੱਧ ਦਿੱਲੀ ਤੇ ਦੱਖਣੀ ਦਿੱਲੀ ਸਮੇਤ ਦਿੱਲੀ ਛਾਉਣੀ ਤੇ ਨਵੀਂ ਦਿੱਲੀ ਨਗਰ ਕੌਂਸਲ ਖੇਤਰਾਂ ’ਚ ਸਪਲਾਈ ਕਰਦੇ ਹਨ।