ਪੱਤਰ ਪ੍ਰੇਰਕ
ਨਵੀਂ ਦਿੱਲੀ, 23 ਜੂਨ
ਐਨਡੀਏ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਸ੍ਰੀਮਤੀ ਦਰੋਪਦੀ ਮੁਰਮੂ ਦਾ ਦਿੱਲੀ ਹਵਾਈ ਅੱਡੇ ’ਤੇ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਆਦੇਸ਼ ਗੁਪਤਾ ਦੀ ਅਗਵਾਈ ਹੇਠ ਦਿੱਲੀ ਭਾਜਪਾ ਦੇ ਸੰਸਦ ਮੈਂਬਰਾਂ, ਵਿਧਾਇਕਾਂ ਅਤੇ ਹੋਰ ਅਧਿਕਾਰੀਆਂ ਵੱਲੋਂ ਸਵਾਗਤ ਕੀਤਾ ਗਿਆ। ਭਾਜਪਾ ਆਗੂਆਂ ਨੇ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ, ਜੀ ਕਿਸ਼ਨ ਰੈਡੀ ਅਤੇ ਸ੍ਰੀਮਤੀ ਮੀਨਾਕਸ਼ੀ ਲੇਖੀ, ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ, ਹੋਰ ਸੂਬਾਈ ਅਧਿਕਾਰੀ ਹਾਜ਼ਰ ਸਨ। ਸ੍ਰੀ ਗੁਪਤਾ ਨੇ ਕਿਹਾ ਕਿ ਗਰੀਬੀ ਤੇ ਮੁਸ਼ਕਲਾਂ ਨਾਲ ਭਰੀ ਸ੍ਰੀਮਤੀ ਦਰੋਪਦੀ ਮੁਰਮੂ ਦਾ ਜੀਵਨ ਸਾਰੇ ਦੇਸ਼ ਵਾਸੀਆਂ ਲਈ ਪ੍ਰੇਰਨਾਦਾਇਕ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਅਨੁਸੂਚਿਤ ਜਨਜਾਤੀ ਸਮਾਜ ਦੇ ਲੋਕਾਂ ਨੂੰ ਰਾਜਨੀਤਿਕ ਪਛਾਣ ਦੇਣ ਲਈ ਜੋ ਕੰਮ ਕੀਤਾ ਹੈ, ਸ੍ਰੀਮਤੀ ਮੁਰਮੂ ਉਸ ਦੀ ਇੱਕ ਮਿਸਾਲ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਸ੍ਰੀ ਮੋਦੀ ਨੇ ਦਲਿਤ ਸਮਾਜ ਵਿੱਚੋਂ ਆਉਣ ਵਾਲੇ ਰਾਮਨਾਥ ਕੋਵਿੰਦ ਨੂੰ ਦੇਸ਼ ਦੇ ਸਰਵਉੱਚ ਅਹੁਦੇ ’ਤੇ ਬਿਠਾ ਕੇ ਦਲਿਤਾਂ ਨੂੰ ਰਾਜਨੀਤੀ ਦੀ ਮੁੱਖ ਧਾਰਾ ਵਿੱਚ ਜੋੜਨ ਦਾ ਕੰਮ ਕੀਤਾ ਸੀ। ਆਜ਼ਾਦੀ ਦੇ 75 ਸਾਲਾਂ ਦੇ ਇਤਿਹਾਸ ਵਿੱਚ ਗਰੀਬ, ਪਛੜੇ, ਦਲਿਤ ਸਮਾਜ ਨੂੰ ਹਮੇਸ਼ਾ ਦਬਾਇਆ ਗਿਆ ਹੈ ਪਰ ਮੋਦੀ ਸਰਕਾਰ ਆਉਣ ਤੋਂ ਬਾਅਦ ਪਛੜੇ ਅਤੇ ਦੱਬੇ-ਕੁਚਲੇ ਵਰਗਾਂ ਨੂੰ ਮੁੱਖ ਧਾਰਾ ਵਿੱਚ ਜੋੜਨ ਦਾ ਕੰਮ ਕੀਤਾ ਗਿਆ ਹੈ।ਇਸ ਮੌਕੇ ਦਿੱਲੀ ਭਾਜਪਾ ਦੇ ਹੋਰ ਵੀ ਆਗੂ ਤੇ ਵਰਕਰ ਸ਼ਾਮਲ ਸਨ।