ਪੱਤਰ ਪ੍ਰੇਰਕ
ਨਵੀਂ ਦਿੱਲੀ, 31 ਅਗਸਤ
ਭਾਜਪਾ ਦੇ ਬੁਲਾਰੇ ਗੌਰਵ ਭਾਟੀਆ ਵੱਲੋਂ ਦਿੱਲੀ ਦੀ ਆਮ ਆਦਮੀ ਪਾਰਟੀ ਸਰਕਾਰ ਨੂੰ 500 ਨਵੇਂ ਖੋਲ੍ਹੇ ਸਕੂਲ ਦਿਖਾਉਣ ਦੀ ਚੁਣੌਤੀ ਦੇਣ ਮਗਰੋਂ ਦੋਵਾਂ ਧਿਰਾਂ ਦਰਮਿਆਨ ਸ਼ਬਦੀ ਜੰਗ ਸ਼ੁਰੂ ਹੋ ਗਈ ਹੈ। ਭਾਜਪਾ ਦੇ ਬੁਲਾਰੇ ਗੌਰਵ ਭਾਟੀਆ ਨੇ ਅੱਜ ‘ਆਪ’ ਦੇ ਬੁਲਾਰੇ ਸੌਰਭ ਭਾਰਦਵਾਜ ਦੇ ਸੱਦੇ ’ਤੇ ਇੱਕ ਸਕੂਲ ਦਾ ਦੌਰਾ ਕੀਤਾ। ਇਸ ਮਗਰੋਂ ਦੋਵਾਂ ਆਗੂਆਂ ਨੇ ਆਪੋ-ਆਪਣੀਆਂ ਵੀਡੀਓ ਕਲਿੱਪਾਂ ਵਿੱਚ ਦਾਅਵਾ ਕੀਤਾ ਕਿ ਉਨ੍ਹਾਂ ਨੇ ਚੁਣੌਤੀ ਜਿੱਤ ਲਈ। ਇੱਕ ਟੀਵੀ ਸ਼ੋਅ ਦੌਰਾਨ ਗੌਰਵ ਭਾਟੀਆ ਨੇ ‘ਆਪ’ ਦੇ ਬੁਲਾਰੇ ਭਾਰਦਵਾਜ ਨੂੰ ਅਰਵਿੰਦ ਕੇਜਰੀਵਾਲ ਸਰਕਾਰ ਵੱਲੋਂ ਬਣਾਏ ਗਏ 500 ਨਵੇਂ ਸਕੂਲ ਦਿਖਾਉਣ ਲਈ ਚੁਣੌਤੀ ਦਿੱਤੀ। ਅੱਜ ਭਾਟੀਆ ਨੇ ਭਾਰਦਵਾਜ ਦੇ ਸੱਦੇ ’ਤੇ ਇਕ ਸਕੂਲ ਦਾ ਦੌਰਾ ਕੀਤਾ। ਭਾਟੀਆ ਨੇ ਕਿਹਾ ਕਿ ਦਿੱਲੀ ਸਰਕਾਰ ਨੇ ਸੀਪੀਡਬਲਯੂਡੀ ਦੇ ਨਿਯਮਾਂ ਦੀ ਅਣਦੇਖੀ ਕਰਦੇ ਹੋਏ ਆਪਣੇ ਮੌਜੂਦਾ ਸਕੂਲਾਂ ਵਿੱਚ ਕਲਾਸ ਰੂਮਾਂ ਦੀ ਉਸਾਰੀ ਲਈ ਬਜਟ ਵਿੱਚ ਵਾਧਾ ਕੀਤਾ ਹੈ। ਇਸ ਸ਼ੋਅ ਦੌਰਾਨ ਭਾਟੀਆ ਨੇ ਕਿਹਾ ਕਿ ‘ਆਪ’ ਨੇ ਆਪਣੇ ਚੋਣ ਮਨੋਰਥ ਪੱਤਰ ’ਚ ਕਿਹਾ ਸੀ ਕਿ 500 ਸਕੂਲ ਬਣਾਏ ਜਾਣਗੇ। ਚੁਣੌਤੀ ਨੂੰ ਸਵੀਕਾਰ ਕਰਦੇ ਹੋਏ ਭਾਰਦਵਾਜ ਨੇ ਭਾਟੀਆ ਨੂੰ ਚਿਰਾਗ ਐਨਕਲੇਵ, ਗ੍ਰੇਟਰ ਕੈਲਾਸ਼-1 ਵਿੱਚ ਕੌਟੱਲਿਆ ਸਕੂਲ ਆਉਣ ਦਾ ਸੱਦਾ ਦਿੱਤਾ। ਦੋਵੇਂ ਆਗੂ ਸਮੇਂ ਸਿਰ ਪਹੁੰਚ ਗਏ। ਸਮਰਥਕਾਂ ਦੇ ਨਾਅਰੇਬਾਜ਼ੀ ਦੌਰਾਨ ਦੋਵਾਂ ਪਾਸਿਆਂ ਤੋਂ ਵੀਡੀਓ ਬਣਾਏ ਗਏ।
ਭਾਟੀਆ ਤੇ ਭਾਰਦਵਾਜ ਦੋ ਸਕੂਲਾਂ ਵਿੱਚ ਗਏ ਸਨ। ਬਾਅਦ ਵਿੱਚ ਭਾਜਪਾ ਦੇ ਬੁਲਾਰੇ ਨੇ ਦਾਅਵਾ ਕੀਤਾ ਕਿ ਭਾਰਦਵਾਜ 500 ਸਕੂਲਾਂ ਦੀ ਸੂਚੀ ਨਹੀਂ ਲਿਆ ਸਕੇ, ਜਦਕਿ ‘ਆਪ’ ਵਿਧਾਇਕ ਨੇ ਭਾਟੀਆ ਨੂੰ ‘ਭੱਜ ਗਿਆ’ ਕਿਹਾ। ਟਵਿੱਟਰ ’ਤੇ ਭਾਟੀਆ ਨੇ ਦੋ ਵੀਡੀਓ ਸਾਂਝੇ ਕੀਤੇ ਹਨ। ਪਹਿਲੀ ਵੀਡੀਓ ਦੇ ਨਾਲ ਉਨ੍ਹਾਂ ਨੇ ਲਿਖਿਆ, ‘‘ਵਾਅਦੇ ਮੁਤਾਬਕ ‘ਆਪ’ ਬੁਲਾਰੇ ਤੋਂ 500 ਨਵੇਂ ਸਕੂਲਾਂ ਦੀ ਸੂਚੀ ਲੈਣ ਲਈ 11 ਵਜੇ ਕੌਟਿਲਿਆ ਸਕੂਲ ਪਹੁੰਚਿਆ। ਬੁਲਾਰੇ ਨੇ ਸੂਚੀ ਮੰਗਣ ’ਤੇ ਇਕ ਵਾਰ ਵੀ ਸੂਚੀ ਨਹੀਂ ਦਿੱਤੀ।’’ ਦੂਜੇ ਵੀਡੀਓ ਨਾਲ ਟਵੀਟ ਕੀਤਾ, ‘‘ਇਹ ਇੱਕ ਹੋਰ ਸਕੂਲ ਸੀ, ਜਿੱਥੇ ‘ਆਪ’ ਦੇ ਬੁਲਾਰੇ ਮੈਨੂੰ ਨਾਲ ਲੈ ਗਏ। 500 ਸਕੂਲ ਬਣਾਉਣ ਦਾ ਵਾਅਦਾ ਸੀ। ਪੁਰਾਣਾ ‘ਆਪ’ ਸਰਕਾਰ ਨੇ ਨਹੀਂ ਬਣਾਇਆ ਸੀ।’’ ਉਧਰ, ਸੌਰਭ ਭਾਰਦਵਾਜ ਨੇ ਵੀ ਵੀਡੀਓ ਜਾਰੀ ਕੀਤੀ ਹੈ, ਜਿਸ ਵਿੱਚ ਕਾਫੀ ਹੰਗਾਮਾ ਹੁੰਦਾ ਨਜ਼ਰ ਆ ਰਿਹਾ ਹੈ। ਭਾਰਦਵਾਜ ਨੇ ਦਾਅਵਾ ਕੀਤਾ ਕਿ ਭਾਜਪਾ ਨੇਤਾ ਨੇ ਸਕੂਲ ਵਿੱਚ ਦਾਖ਼ਲ ਹੋਣ ਤੋਂ ਇਨਕਾਰ ਕਰ ਦਿੱਤਾ ਤੇ ‘ਭੱਜ ਗਿਆ’। ਵੀਡੀਓ ਵਿੱਚ ਭਾਟੀਆ ਨੂੰ ‘ਆਪ’ ਸਮਰਥਕਾਂ ਦੇ ਇੱਕ ਸਮੂਹ ਵੱਲੋਂ ਨਾਅਰੇਬਾਜ਼ੀ ਦੇ ਦੌਰਾਨ ਆਪਣੀ ਕਾਰ ਵਿੱਚ ਚੜ੍ਹਦੇ ਦਿਖਾਇਆ ਗਿਆ। ਵੀਡੀਓ ਵਿੱਚ ਭਾਰਦਵਾਜ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ‘ਭਾਗ ਗਿਆ’।
ਕੇਜਰੀਵਾਲ ਵੱਲੋਂ ਵਰਚੁਅਲ ਸਕੂਲ ਸ਼ੁਰੂ
ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਇੱਕ ਵਰਚੁਅਲ ਸਕੂਲ ਸ਼ੁਰੂ ਕੀਤਾ ਤੇ ਕਿਹਾ ਕਿ ਦੇਸ਼ ਭਰ ਦੇ ਵਿਦਿਆਰਥੀ ਦਾਖ਼ਲੇ ਲਈ ਯੋਗ ਹੋਣਗੇ। ਦਿੱਲੀ ਮਾਡਲ ਵਰਚੁਅਲ ਸਕੂਲ ਲਈ ਅਰਜ਼ੀ ਦੀ ਪ੍ਰਕਿਰਿਆ ਬੁੱਧਵਾਰ ਤੋਂ ਹੀ ਸ਼ੁਰੂ ਹੋ ਗਈ ਹੈ। ਸਕੂਲ ਨੌਵੀਂ ਤੋਂ 12ਵੀਂ ਜਮਾਤ ਲਈ ਹੈ। ਕੇਜਰੀਵਾਲ ਨੇ ਇੱਕ ਆਨਲਾਈਨ ਮੀਡੀਆ ਬ੍ਰੀਫਿੰਗ ਵਿੱਚ ਕਿਹਾ ਕਿ ਸਕੂਲਿੰਗ ਪਲੈਟਫਾਰਮ ਵਿੱਚ ਦਾਖਲਾ ਪੂਰੇ ਭਾਰਤ ਵਿੱਚ ਵਿਦਿਆਰਥੀਆਂ ਲਈ ਖੁੱਲ੍ਹਾ ਹੋਵੇਗਾ ਤੇ ਉਨ੍ਹਾਂ ਨੂੰ ਹੁਨਰ ਆਧਾਰਿਤ ਸਿਖਲਾਈ ਦੇ ਨਾਲ ‘ਐਨ.ਈ.ਈ.ਟੀ’, ‘ਸੀ.ਯੂ.ਈ.ਟੀ’ ਅਤੇ ‘ਜੇ.ਈ.ਈ’ ਵਰਗੀਆਂ ਪ੍ਰਵੇਸ਼ ਪ੍ਰੀਖਿਆਵਾਂ ਲਈ ਮਾਹਿਰਾਂ ਵੱਲੋਂ ਤਿਆਰ ਕੀਤਾ ਜਾਵੇਗਾ। ਵਰਚੁਅਲ ਸਕੂਲ ਲਈ ਕਲਾਸਾਂ ਦਿੱਲੀ ਬੋਰਡ ਆਫ਼ ਸਕੂਲ ਐਜੂਕੇਸ਼ਨ ਨਾਲ ਮਾਨਤਾ ਪ੍ਰਾਪਤ 9ਵੀਂ ਤੋਂ 12ਵੀਂ ਜਮਾਤ ਦੇ 13 ਤੋਂ 18 ਸਾਲ ਦੀ ਉਮਰ ਦੇ ਵਿਦਿਆਰਥੀਆਂ ਲਈ ਹੋਣਗੀਆਂ। ਭਾਰਤ ਭਰ ਦੇ ਵਿਦਿਆਰਥੀ ਵੈੱਬਸਾਈਟ www.dmvs.ac.in ‘ਤੇ ਅਪਲਾਈ ਕਰਕੇ ਦਾਖ਼ਲਾ ਲੈ ਸਕਣਗੇ। ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਦਾ ਪਹਿਲਾ ਵਰਚੁਅਲ ਸਕੂਲ ਸਿੱਖਿਆ ਖੇਤਰ ਵਿੱਚ ਮੀਲ ਦਾ ਪੱਥਰ ਸਾਬਤ ਹੋਵੇਗਾ। ਬਹੁਤ ਸਾਰੇ ਬੱਚੇ ਅਜਿਹੇ ਹਨ ਜੋ ਸਕੂਲ ਨਹੀਂ ਜਾ ਸਕਦੇ ਕਿਉਂਕਿ ਸਕੂਲ ਦੂਰ ਹੋਣ ਜਾਂ ਹੋਰ ਰੁਕਾਵਟਾਂ ਵਰਗੇ ਮੁੱਦੇ ਹਨ। ਬਹੁਤ ਸਾਰੇ ਮਾਪੇ ਆਪਣੀਆਂ ਧੀਆਂ ਨੂੰ ਸਿੱਖਿਆ ਨਹੀਂ ਦਿਵਾਉਂਦੇ ਕਿਉਂਕਿ ਉਹ ਉਨ੍ਹਾਂ ਨੂੰ ਬਾਹਰ ਨਹੀਂ ਭੇਜਣਾ ਚਾਹੁੰਦੇ। ਇਹ ਸਕੂਲ ਵਰਚੁਅਲ ਜਮਾਤਾ ਤੋਂ ਪ੍ਰੇਰਿਤ ਹੈ ਜੋ ਕੋਵਿਡ -19 ਮਹਾਂਮਾਰੀ ਦੇ ਕਾਰਨ ਜ਼ਰੂਰੀ ਸਨ। ਕੇਜਰੀਵਾਲ ਨੇ ਕਿਹਾ ਕਿ ਜਮਾਤਾ ਆਨਲਾਈਨ ਹੋਣਗੀਆਂ ਅਤੇ ਰਿਕਾਰਡ ਕੀਤੇ ਲੈਕਚਰ ਵੀ ਆਨਲਾਈਨ ਅਪਲੋਡ ਕੀਤੇ ਜਾਣਗੇ।