ਪੱਤਰ ਪ੍ਰੇਰਕ
ਨਵੀਂ ਦਿੱਲੀ, 8 ਫਰਵਰੀ
ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਕ੍ਰਿਸ਼ਨ ਕੁਮਾਰ ਬਾਵਾ ਨੇ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਵੱਲੋਂ ਮਜੀਠੀਆ ਦੀ ਵਕਾਲਤ ਕਰਨ ਦੇ ਬਿਆਨ ’ਤੇ ਪ੍ਰਤੀਕਰਮ ਦਿੰਦਿਆਂ ਕਿਹਾ ਹੈ ਕਿ ਸਿਰਸਾ ਸ਼ਾਇਦ ਇਹ ਭੁੱਲ ਗਏ ਹਨ ਕਿ ਉਹ ਅਕਾਲੀ ਦਲ ਵਿੱਚ ਨਹੀਂ, ਭਾਜਪਾ ਵਿੱਚ ਹਨ। ਉਨ੍ਹਾਂ ਕਿਹਾ ਕਿ ਸਿਰਸਾ ਅਜਿਹੇ ਆਗੂ ਹਨ, ਜਿਨ੍ਹਾਂ ਆਪਣੇ ਸਿਆਸੀ ਕਰੀਅਰ ਵਿੱਚ ਹੁਣ ਤੱਕ ਵੱਖ-ਵੱਖ ਪਾਰਟੀਆਂ ਦਾ ਸਵਾਦ ਚੱਖਿਆ ਹੈ। ਬਾਵਾ ਨੇ ਕਿਹਾ ਕਿ ਨਵਜੋਤ ਸਿੰਘ ਦੇਸ਼ ਦੀ ਉਹ ਸ਼ਖਸੀਅਤ ਹੈ, ਜਿਸ ਨੇ ਵੱਖ-ਵੱਖ ਖੇਤਰਾਂ ਵਿੱਚ ਆਪਣੀ ਕਾਬਲੀਅਤ ਨਾਲ ਆਪਣਾ ਵਿਸ਼ੇਸ਼ ਸਥਾਨ ਬਣਾਇਆ ਅਤੇ ਹੁਣ ਸਿੱਧੂ ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਅਹਿਮ ਭੂਮਿਕਾ ਨਿਭਾਅ ਰਹੇ ਹਨ ਅਤੇ ਕਾਂਗਰਸ ਪਾਰਟੀ ਦਾ ਆਧਾਰ ਮਜ਼ਬੂਤ ਕਰਨ ਵਿੱਚ ਲੱਗੇ ਹੋਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਨਵਜੋਤ ਸਿੱਧੂ ਦਾ ਪੰਜਾਬ ਮਾਡਲ ਪੰਜਾਬ ਨੂੰ ਨਵੀਂ ਦਿਸ਼ਾ ਦੇਵੇਗਾ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਹਲਕੇ ਤੋਂ ਨਵਜੋਤ ਸਿੰਘ ਸਿੱਧੂ ਇਸ ਵਾਰ ਰਿਕਾਰਡ ਤੋੜ ਵੋਟਾਂ ਨਾਲ ਜਿੱਤ ਕੇ ਸਿਆਸਤ ਵਿੱਚ ਨਵਾਂ ਇਤਿਹਾਸ ਰਚਣਗੇ। ਜਦਕਿ ਮਜੀਠੀਆ ਦੀ ਜਮਾਨਤ ਵੀ ਨਹੀਂ ਬਚ ਸਕੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਇੱਕ ਵਾਰ ਫਿਰ ਸਪੱਸ਼ਟ ਬਹੁਮਤ ਨਾਲ ਸਰਕਾਰ ਬਣਾਏਗੀ।