ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 23 ਜੂਨ
ਦਿੱਲੀ ਦੇ ਰਾਜਿੰਦਰ ਨਗਰ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਅੱਜ ਪਈਆਂ ਵੋਟਾਂ ਦੌਰਾਨ ਸਥਾਨਕ ਵੋਟਰਾਂ ਵੱਲੋਂ ਮੱਠਾ ਹੁੰਗਾਰਾ ਦਿੱਤਾ ਗਿਆ। ਸ਼ਾਮ 5 ਵਜੇ ਤੱਕ ਆਮ ਵੋਟਰਾਂ ਵੱਲੋਂ 43.75 ਫ਼ੀਸਦ ਵੋਟਾਂ ਹੀ ਭੁਗਤਾਈਆਂ ਗਈਆਂ ਸਨ ਤੇ ਆਖ਼ਰੀ ਘੰਟੇ ਵਿੱਚ ਕੋਵਿਡ-19 ਪੀੜਤ ਮਰੀਜ਼ਾਂ ਨੂੰ ਕਰੋਨਾ ਐੱਸਓਪੀ ਤਹਿਤ ਵੋਟਾਂ ਪਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ। ਅੱਜ ਜਿਨ੍ਹਾਂ ਉਮੀਦਵਾਰਾਂ ਦੀ ਕਿਸਮਤ ਬੈਲਟ ਬਕਸਿਆਂ ਵਿੱਚ ਬੰਦ ਹੋ ਗਈ, ਉਨ੍ਹਾਂ ਦੀ ਜਿੱਤ-ਹਾਰ ਦਾ ਐਲਾਨ 26 ਜੂਨ ਨੂੰ ਕੀਤਾ ਜਾਵੇਗਾ।‘ਆਪ’ ਦੇ ਤਤਕਾਲੀ ਵਿਧਾਇਕ ਰਾਘਵ ਚੱਢਾ ਵੱਲੋਂ ਇਸ ਹਲਕੇ ਤੋਂ ਅਸਤੀਫ਼ਾ ਦੇ ਕੇ ਪੰਜਾਬ ਤੋਂ ਰਾਜ ਸਭਾ ਲਈ ਚੁਣੇ ਜਾਣ ਕਾਰਨ ਇਹ ਹਲਕਾ ਖਾਲੀ ਹੋਇਆ ਸੀ ਤੇ ਜ਼ਿਮਨੀ ਚੋਣ ਐਲਾਨੀ ਗਈ।
ਅੱਜ ਸਵੇਰੇ 7 ਵਜੇ ਵੋਟਾਂ ਪਾਉਣ ਦਾ ਅਮਲ ਸ਼ੁਰੂ ਹੋਇਆ ਜੋ ਸੁਸਤ ਰਿਹਾ। ਗਰਮੀ ਕਾਰਨ ਵੀ ਵੋਟਰ ਘਰਾਂ ਵਿੱਚੋਂ ਘੱਟ ਹੀ ਨਿਕਲੇ। ਇਸ ਹਲਕੇ ਵਿੱਚ ਸਰਕਾਰੀ ਛੁੱਟੀ ਐਲਾਨੀ ਹੋਈ ਸੀ। ਮੁੱਖ ਮੁਕਾਬਲਾ ‘ਆਪ’ ਦੇ ਦੁਰਗੇਸ਼ ਪਾਠਕ ਤੇ ਭਾਜਪਾ ਦੇ ਰਾਜੇਸ਼ ਭਾਟੀਆ ਦਰਮਿਆਨ ਨਜ਼ਰ ਆ ਰਿਹਾ ਹੈ ਕਿਉਂਕਿ ਬੂਥਾਂ ਤੋਂ ਦੂਰ ਉਕਤ ਦੋਨਾਂ ਪਾਰਟੀਆਂ ਦੇ ਸਮਰਥਕ ਵੋਟਰਾਂ ਨੂੰ ਪਰਚੀਆਂ ਦਿੰਦੇ ਜ਼ਿਆਦਾ ਦਿਖਾਈ ਦਿੱਤੇ। ਕਾਂਗਰਸੀ ਉਮੀਦਵਾਰ ਪ੍ਰੇਮ ਲਤਾ ਦੇ ਸਮਰਥਕਾਂ ਦੀ ਗਿਣਤੀ ‘ਆਪ’ ਦੇ ਭਾਜਪਾ ਦੇ ਮੁਕਾਬਲੇ ਘੱਟ ਸੀ। ਵੋਟਰਾਂ ਨੇ ਉਤਸ਼ਾਹ ਨਾਲ ਵੋਟਾਂ ਨਹੀਂ ਪਾਈਆਂ। ਦਿੱਲੀ ਦੇ ਮੁੱਖ ਚੋਣ ਅਧਿਕਾਰੀ ਰਣਬੀਰ ਸਿੰਘ ਨੇ ਕਿਹਾ ਕਿ ਵੋਟ ਫ਼ੀਸਦੀ ਵਧਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਤੇ ਚੋਣ ਅਮਲ ਦੇ ਆਖ਼ਰੀ ਘੰਟੇ ਵਿੱਚ ਕੋਵਿਡ ਪ੍ਰਭਾਵਿਤ ਮਰੀਜ਼ਾਂ ਨੂੰ ਵੋਟ ਪਾਉਣ ਦਾ ਵਿਸ਼ੇਸ਼ ਮੌਕਾ ਦਿੱਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਅਜਿਹੇ ਵੋਟਰਾਂ ਨੂੰ ਕਰੋਨਾ ਨਿਯਮਾਂ ਦੀ ਪਾਲਣਾ ਕਰਵਾ ਕੇ ਵੋਟਾਂ ਪਾਈਆਂ ਗਈਆਂ। ‘ਆਪ’ ਦੇ ਰਾਘਵ ਚੱਢਾ ਨੇ ਵੀ ਆਪਣੇ ਬੂਥ ਉੱਪਰ ਵੋਟ ਪਾਈ ਤੇ ਜਿੱਤ ਦਾ ਦਾਅਵਾ ਕੀਤਾ। ਇਸ ਵਾਰ ਪਾਣੀ ਦੀ ਕਮੀ, ਸ਼ਰਾਬ ਨੀਤੀ ਤੇ ਰੇਲਵੇ ਫੁੱਟਓਵਰ ਬ੍ਰਿਜ ਵਰਗੇ ਮੁੱਦੇ ਛਾਏ ਰਹੇ।
2020 ਵਿੱਚ ਵਿਧਾਨ ਸਭਾ ਚੋਣਾਂ ਵੇਲੇ ਪਈਆਂ ਸਨ 58 ਫ਼ੀਸਦ ਵੋਟਾਂ
ਰਾਜਿੰਦਰ ਨਗਰ ਹਲਕੇ ਵਿੱਚ ਇਸ ਵਾਰ 1 ਲੱਖ 64 ਹਜ਼ਾਰ ਤੋਂ ਵੱਧ ਵੋਟਰ ਹਨ ਜਿਨ੍ਹਾਂ ਵਿੱਚੋਂ 92221 ਮਰਦ ਤੇ 72273 ਔਰਤਾਂ ਸਨ। 4 ਵੋਟਰ ਵੱਖਰੇ ਲਿੰਗ ਦੇ ਸਨ। ਕੁੱਲ 14 ਉਮੀਦਵਾਰ ਚੋਣ ਮੈਦਾਨ ਵਿੱਚ ਨਿੱਤਰੇ। ਇਨ੍ਹਾਂ ਵਿੱਚੋਂ 8 ਆਜ਼ਾਦ ਤੇ 3 ਉਮੀਦਵਾਰ ਅਣਰਜਿਸਟਰਡ ਪਾਰਟੀਆਂ ਤੋਂ ਚੋਣ ਮੈਦਾਨ ਵਿੱਚ ਸਨ। 2020 ਦੀਆਂ ਚੋਣਾਂ ਦੌਰਾਨ ਰਾਜਿੰਦਰ ਨਗਰ ਵਿੱਚ 58 ਫ਼ੀਸਦੀ ਤੋਂ ਵੱਧ ਵੋਟਾਂ ਪਈਆਂ ਸਨ ਜਿਨ੍ਹਾਂ ਵਿੱਚੋਂ ਮਰਦਾਂ ਨੇ 58.9 ਫ਼ੀਸਦ ਤੇ 58.5 ਫ਼ੀਸਦ ਔਰਤਾਂ ਨੇ ਆਪਣੇ ਅਧਿਕਾਰ ਦੀ ਵਰਤੋਂ ਕੀਤੀ ਸੀ।