ਪੱਤਰ ਪ੍ਰੇਰਕ
ਨਵੀਂ ਦਿੱਲੀ, 12 ਅਪਰੈਲ
ਸ਼੍ਰੋਮਣੀ ਅਕਾਲੀ ਦਲ ਦੇ ਰੋਹਿਣੀ ਤੋਂ ਉਮੀਦਵਾਰ ਸਰਵਜੀਤ ਸਿੰਘ ਵਿਰਕ ਨੇ ਅੱਜ ਰੋਹਿਣੀ ਵਾਰਡ-1 ਦੇ ਸਾਰੇ ਟੈਕਸੀ ਸਟੈਂਡਾਂ ਉਪਰ ਜਾ ਕੇ ਦਿੱਲੀ ਦੇ ਟੈਕਸੀ ਡਰਾਈਵਰਾਂ ਨਾਲ ਸੰਪਰਕ ਕਾਇਮ ਕੀਤਾ। ਦਿੱਲੀ ਕਮੇਟੀ ਦੇ ਮੈਂਬਰ ਵਿਕਰਮ ਸਿੰਘ ਰੋਹਿਣੀ ਨੇ ਕਿਹਾ ਕਿ ਦਿੱਲੀ ਵਿੱਚ ਟੈਕਸੀ ਕਾਰੋਬਾਰ ਉਪਰ ਜ਼ਿਆਦਾਤਰ ਸਿੱਖ ਭਾਈਚਾਰੇ ਨੇ 50ਵਿਆਂ ਦੌਰਾਨ ਹੀ ਪਕੜ ਬਣਾ ਲਈ ਸੀ। ਸ੍ਰੀ ਵਿਰਕ ਨੇ ਕਿਹਾ ਕਿ ਪੰਜਾਬੀ ਟੈਕਸੀ ਡਰਾਈਵਰਾਂ ਨੇ ਮਿਹਨਤ ਕਰਕੇ ਸ਼ੁਰੂਆਤ ਇੱਕਾ-ਦੁੱਕਾ ਟੈਕਸੀਆਂ ਤੋਂ ਕੀਤੀ ਤੇ ਹੁਣ ਸਖਤ ਮਿਹਨਤ ਨਾਲ ਉਹ ਵੱਡੀਆਂ ਕੰਪਨੀਆਂ ਦੇ ਮਾਲਕ ਬਣੇ ਹਨ। ਚੇਤੇ ਰਹੇ ਰੋਹਿਣੀ ਤੋਂ ਇਲਾਵਾ ਕਨਾਟ ਪੈਲੇਸ ਤੇ ਹੋਰ ਇਲਾਕਿਆਂ ਵਿੱਚ ਵੀ ਪੰਜਾਬ ਨਾਲ ਜੁੜੇ ਟੈਕਸੀ ਡਰਾਈਵਰ ਰਹਿੰਦੇ ਹਨ ਜਿਸ ਕਰਕੇ ਉਮੀਦਵਾਰਾਂ ਵੱਲੋਂ ਟੈਕਸੀ ਸਟੈਂਡਾਂ ਨਾਲ ਸੰਪਰਕ ਬਣਾਇਆ ਜਾ ਰਿਹਾ ਹੈ। ਸ੍ਰੀ ਵਿਰਕ ਨੇ ਟੈਕਸੀ ਡਰਾਈਵਰਾਂ ਦੀਆਂ ਸਮੱਸਿਆਵਾਂ ਤੇ ਮੁੱਦਿਆਂ ਉਪਰ ਚਰਚਾ ਕੀਤੀ ਤੇ ਦੱਸਿਆ ਕਿ ਜਦੋਂ ਸਰਕਾਰੀ ਧੱਕੇਸ਼ਾਹੀ ਟੈਕਸੀਆਂ ਵਾਲਿਆਂ ਨਾਲ ਹੋਈ ਤਾਂ ਦਿੱਲੀ ਕਮੇਟੀ ਨੇ ਉਹ ਮੁੱਦੇ ਚੁੱਕੇ। ਟੈਕਸੀ ਯੂਨੀਅਨਾਂ ਵੀ ਕਮੇਟੀ ਆਗੂਆਂ ਦੇ ਲਗਾਤਾਰ ਸੰਪਰਕ ਵਿੱਚ ਰਹਿੰਦੀਆਂ ਹਨ। ਉਨ੍ਹਾਂ ਕਿਹਾ ਕਿ ਕਿਸਾਨ ਆਗੂਆਂ ਦੀਆਂ ਕੇਂਦਰੀ ਮੰਤਰੀਆਂ ਨਾਲ ਬੈਠਕਾਂ ਦੌਰਾਨ ਕਿਸਾਨਾਂ ਨੂੰ ਵਿਗਿਆਨ ਭਵਨ ਤੱਕ ਲੈ ਕੇ ਆਉਣ ਤੇ ਵਾਪਸ ਲੈ ਜਾਣ ਲਈ ਸਥਾਨਕ ਟਰਾਂਸਪੋਰਟਾਂ ਨੇ ਅਹਿਮ ਭੂਮਿਕਾ ਨਿਭਾਈ ਸੀ। ਇਸ ਮੌਕੇ ਹਰਬੰਸ ਸਿੰਘ, ਜਸਬੀਰ ਸਿੰਘ, ਤਾਰਾ ਸਿੰਘ, ਅਮਰੀਕ ਸਿੰਘ, ਦਰਸ਼ਨ ਸਿੰਘ, ਅਵਤਾਰ ਸਿੰਘ ਤੇ ਧਾਰਾ ਸਿੰਘ ਨੇ ਉਮੀਦਵਾਰ ਦਾ ਸਵਾਗਤ ਕੀਤਾ।