ਪੱਤਰ ਪ੍ਰੇਰਕ
ਨਵੀਂ ਦਿੱਲੀ, 8 ਦਸੰਬਰ
ਲੋਕ ਭਲਾਈ ਪਾਰਟੀ ਦੇ ਆਗੂ ਬਲਵੰਤ ਸਿੰਘ ਰਾਮੂਵਾਲੀਆ ਨੇ ਕਿਹਾ ਕਿ ਜਸਟਿਸ ਮਹਿਤਾਬ ਸਿੰਘ ਗਿੱਲ ਦੀ ਅਗਵਾਈ ਹੇਠ ਬਣਾਏ ਵਿਜੀਲੈਂਸ ਕਮਿਸ਼ਨ ਦੀ ਜਾਂਚ ਤੋਂ ਸਿੱਟੇ ਨਿਕਲਣਗੇ ਤੇ ਇਹ ਪਤਾ ਲੱਗ ਸਕੇਗਾ ਕਿ ਕਿਵੇਂ ਸ਼੍ਰੋਮਣੀ ਅਕਾਲੀ ਦਲ ਗੱਠਜੋੜ ਦੀ ਸਰਕਾਰ ਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਪੰਜਾਬ ਨੂੰ ਚਿੱਟੇ ਦਿਨ ਲੁੱਟਿਆ ਤੇ ਵੱਡੇ ਕਾਰਪੋਰੇਟਾਂ ਦੇ ਰਹਿਮੋ-ਕਰਮ ਉਪਰ ਛੱਡ ਦਿੱਤਾ। ਉਨ੍ਹਾਂ ਕਿਹਾ ਕਿ ਜਾਂਚ ਵਿੱਚ ਹੈਰਾਨੀਜਨਕ ਨਤੀਜੇ ਸਾਹਮਣੇ ਆਉਣ ਦੀ ਉਮੀਦ ਹੈ ਕਿ ਕਿਵੇਂ ਉਕਤ ਸਮਝੌਤਿਆਂ ਦੌਰਾਨ ਭਿਆਨਕ ਸੌਦੇਬਾਜ਼ੀ ਕੀਤੀ ਗਈ। 50 ਕਰੋੜ ਦਾ ਘਾਟਾ ਤਾਂ ਸ਼ੁਰੂ ਵਿੱਚ ਹੀ ਪਾ ਦਿੱਤਾ ਗਿਆ, ਜਿਨ੍ਹਾਂ ਕਿਸਾਨਾਂ ਦੀ ਜ਼ਮੀਨ ਐਕੁਵਾਇਰ ਕੀਤੀ ਗਈ ਸੀ, ਉਹ ਇਸ ਧੱਕੇਸ਼ਾਹੀ ਕਾਰਨ ਬਰਬਾਦ ਹੋਏ। ਸਪਲਾਇਰਾਂ ਤੇ ਪ੍ਰਬੰਧਕਾਂ ਦੀ ਹਰ ਨਾਜਾਇਜ਼ ਮੰਗ ਵੀ ਮੰਨੀ ਗਈ ਤੇ ਦੋਨਾਂ ਸੂਬਾ ਸਰਕਾਰਾਂ ਨੇ ਗੋਡੇ ਟੇਕ ਕੇ ਕੰਪਨੀਆਂ ਨਾਲ ਸਮਝੌਤੇ ਕੀਤੇ, ਜਿਸ ਕਰਕੇ ਪੰਜਾਬ ਦੇ ਲੋਕਾਂ ਨੂੰ ਮਹਿੰਗੀ ਬਿਜਲੀ ਮਿਲਣ ਦਾ ਰਾਹ ਸੌਖਾ ਕਰ ਦਿੱਤਾ ਗਿਆ। ਇਹ ਪੰਜਾਬੀਆਂ ਦੇ ਜੇਬਾਂ ਉਪਰ ਅਸਿੱਧਾ ਡਾਕਾ ਸੀ, ਜਿਸ ਨਾਲ ਪੰਜਾਬ ਦੀਆਂ ਸਥਾਨਕ ਸਨਅਤਾਂ ਉਪਰ ਬਹੁਤ ਬੁਰਾ ਅਸਰ ਪਿਆ।