ਪੱਤਰ ਪ੍ਰੇਰਕ
ਨਵੀਂ ਦਿੱਲੀ, 6 ਦਸੰਬਰ
ਆਲ ਇੰਡੀਆ ਕਿਸਾਨ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਪ੍ਰੇਮ ਸਿੰਘ ਭੰਗੂ ਨੇ ਕਿਹਾ ਕਿ ਖੇਤੀ ਕਾਨੂੰਨ ਰੱਦ ਕਰਾਉਣ ਵਾਲੀ ਜਿੱਤ ਇਤਿਹਾਸਕ ਜਿੱਤ ਹੈ, ਜਿਸ ਨਾਲ ਸੰਯੁਕਤ ਕਿਸਾਨ ਮੋਰਚੇ ਨੇ ਇੱਕ ਵਾਰ ਖੇਤੀਬਾੜੀ ਉੱਤੇ ਕਾਰਪੋਰੇਟ ਹਮਲੇ ਨੂੰ ਪਛਾੜ ਦਿੱਤਾ ਹੈ ਪਰ ਸਾਮਰਾਜੀ ਵਿਸ਼ਵੀਕਰਨ ਦੀਆਂ ਨੀਤੀਆਂ ਦੇ ਅਗਾਮੀ ਹਮਲਿਆਂ ਖ਼ਿਲਾਫ਼ ਲੜਨ ਲਈ ਸੰਘਰਸ਼ ਹਮੇਸ਼ਾਂ ਚਲਦਾ ਰਹੇਗਾ, ਉਨ੍ਹਾਂ ਕਿਹਾ ਕਿ ਰਹਿੰਦੇ ਮੁੱਦਿਆਂ ਜਿਵੇਂ ਕੇਸਾਂ ਦੀ ਵਾਪਸੀ ਐੱਮਐੱਸਪੀ ਬਾਰੇ ਗਰੰਟੀ ਦਾ ਸਪਸ਼ਟੀਕਰਨ ਅਤੇ ਸ਼ਹੀਦ ਹੋਏ ਕਿਸਾਨ ਦੇ ਮੁਆਵਜ਼ੇ ਬਾਰੇ ਪੰਜ ਮੈਂਬਰੀ ਕਮੇਟੀ ਜਲਦੀ ਕੋਈ ਠੋਸ ਫ਼ੈਸਲਾ ਲਵੇਗੀ। ਸਿੰਘੂ ਬਾਰਡਰ ਦੀ ਸਟੇਜ ਦੀ ਕਾਰਵਾਈ ਅੱਜ ਆਲ ਇੰਡੀਆ ਕਿਸਾਨ ਫੈੱਡਰੇਸ਼ਨ ਵੱਲੋਂ ਚਲਾਈ ਗਈ। ਬੁਲਾਰਿਆਂ ਨੇ ਕਿਹਾ ਕਿ ਰਹਿੰਦੇ ਮਸਲਿਆਂ ਦੇ ਨਿਪਟਾਰੇ ਉਪਰੰਤ 7 ਦਸੰਬਰ ਨੂੰ ਮੋਰਚੇ ਦੀ ਅਹਿਮ ਮੀਟਿੰਗ ਵਿੱਚ ਅੰਦੋਲਨ ਬਾਰੇ ਫ਼ੈਸਲਾ ਕੀਤਾ ਜਾਵੇਗਾ ਕਿ ਸੰਘਰਸ਼ ਦੀ ਅਗਲੀ ਰੂਪ ਰੇਖਾ ਕੀ ਹੋਵੇਗੀ। ਇਸ ਸਮੇਂ ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਲਖਬੀਰ ਸਿੰਘ ਨਿਜ਼ਾਮਪੁਰ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਸੰਤੋਖ ਸਿੰਘ ਸੰਧੂ ਨੇ ਆਪਣੇ ਵਿਚਾਰ ਰੱਖੇ। ਉਜਾੜਾ ਰੋਕੂ ਸੰਘਰਸ਼ ਕਮੇਟੀ ਸੀਲ ਕੈਮੀਕਲ ਰਾਜਪੁਰਾ ਵੱਲੋਂ ਲਸ਼ਕਰ ਸਿੰਘ ਸਰਦਾਰਗੜ੍ਹ ਅਤੇ ਰਾਜਿੰਦਰ ਸਿੰਘ ਵੱਲੋਂ ਜਥਾ ਲੈ ਕੇ ਸ਼ਮੂਲੀਅਤ ਕੀਤੀ ਗਈ ਤੇ 533 ਏਕੜ ਅਣਵਰਤੀ ਜ਼ਮੀਨ ਦੀ ਵਾਪਸੀ ਲਈ ਚੱਲ ਰਹੇ ਸੰਘਰਸ਼ ਵਿੱਚ ਹਮਾਇਤ ਦੀ ਮੰਗ ਕੀਤੀ ਅਤੇ ਇਸ ਸਬੰਧੀ 2000 ਪਰਚੇ ਵੰਡੇ ਗਏ। ਇਸ ਮੌਕੇ ਐੱਨ ਆਰ ਆਈ ਕੁਲਵੰਤ ਸਿੰਘ ਵੱਲੋਂ ਮੋਰਚੇ ਨੂੰ ਡੇਢ ਲੱਖ ਰੁਪਏ ਦੀ ਸਹਾਇਤਾ ਦਿੱਤੀ ਗਈ।
ਕਿਸਾਨ ਅੰਦੋਲਨ ਨਵੀਆਂ ਬੁਲੰਦੀਆਂ ਛੂਹ ਗਿਆ
ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਕਿਸਾਨਾਂ ਦੀ ਭਰਵੀਂ ਮੀਟਿੰਗ ਮੁਖਤਿਆਰ ਸਿੰਘ ਮੱਲਾ ਦੀ ਪ੍ਰਧਾਨਗੀ ਹੇਠ ਹੋਈ ,ਜਿਸ ਵਿੱਚ ਆਗੂ ਡਾ. ਸਤਨਾਮ ਸਿੰਘ ਅਜਨਾਲਾ ਨੇ ਕਿਹਾ ਕਿ ਕਿਸਾਨ ਅੰਦੋਲਨ ਨਵੀਆਂ ਬੁਲੰਦੀਆ ਛੂਹ ਗਿਆ ਜਿੱਥੇ ਕਿ ਹਰ ਵਰਗਾ ਦਾ ਭਰਵਾਂ ਹੁੰਗਾਰਾ ਮਿਲਿਆ ਹੈ।