ਪੱਤਰ ਪ੍ਰੇਰਕ
ਨਵੀਂ ਦਿੱਲੀ, 31 ਮਈ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਕੋਵਿਡ ਟੀਕਾਕਰਨ ਨੂੰ ਲੈ ਕੇ ਦਿੱਲੀ ਦੇ ਹਮਰੁਤਬਾ ਅਰਵਿੰਦ ਕੇਜਰੀਵਾਲ ਬਾਰੇ ਦਿੱਤੇ ਬਿਆਨ ਤੋਂ ਦੋਵਾਂ ਵਿੱਚ ਸ਼ਬਦੀ ਜੰਗ ਸ਼ੁਰੂ ਹੋ ਗਈ ਹੈ। ਬੀਤੇ ਦਿਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਸ੍ਰੀ ਕੇਜਰੀਵਾਲ ’ਤੇ ਟੀਕਿਆਂ ਨੂੰ ਲੈ ਕੇ ਰਾਜਨੀਤੀ ਕਰਨ ਦੇ ਲਾਏ ਦੋਸ਼ਾਂ ਬਾਰੇ ਜਾਰੀ ਵੀਡੀਓ ਦੇ ਜਵਾਬ ’ਚ ਸ੍ਰੀ ਕੇਜਰੀਵਾਲ ਨੇ ਕਿਹਾ, ‘ਖੱਟਰ ਸਾਹਿਬ, ਵੈਕਸੀਨ ਨਾਲ ਹੀ ਲੋਕਾਂ ਦੀ ਜਾਨ ਬਚੇਗੀ। ਜਿੰਨੀ ਜਲਦੀ ਵੈਕਸੀਨ ਲੱਗੇਗੀ ਉਨ੍ਹੇ ਹੀ ਲੋਕ ਸੁਰੱਖਿਅਤ ਹੋਣਗੇ। ਮੇਰਾ ਮਕਸਦ ਵੈਕਸੀਨ ਬਚਾਉਣਾ ਨਹੀਂ, ਲੋਕਾਂ ਦੀ ਜਾਨ ਬਚਾਉਣਾ ਹੈ।’ ਇਸੇ ਦੌਰਾਨ ਸ੍ਰੀ ਖੱਟਰ ਨੇ ਅੱਜ ਦਿੱਲੀ ਵਿੱਚ ਮੀਡੀਆ ਅੱਗੇ ਸਪਸ਼ਟ ਕੀਤਾ, ‘ਮੈਂ ਇਹ ਨਹੀਂ ਕਿਹਾ ਕਿ ਵੈਕਸੀਨ ਨਹੀਂ ਲਗਾਈ ਜਾਵੇ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵੀ ਪਤਾ ਹੈ ਤੇ ਸਾਨੂੰ ਵੀ ਪਤਾ ਹੈ ਕਿ ਕੋਵਿਡ-19 ਦੇ ਟੀਕੇ ਦੇ ਭੰਡਾਰ ਦੀ ਸਥਿਤੀ ਕੀ ਹੈ। ਅਸੀਂ ਕਿਹਾ ਕਿ ਭੰਡਾਰ ਦੇ ਦ੍ਰਿਸ਼ਟੀਗੋਚਰ ਟੀਕਾਕਰਨ ਮੁਹਿੰਮ ਚਲਾਈ ਜਾਵੇ। ਇਸ ਸਮੇਂ ਰਾਜਨੀਤੀ ਸਹੀ ਨਹੀਂ ਹੈ। ਉਨ੍ਹਾਂ ਕਿਹਾ ਦਿੱਲੀ ਨੂੰ ਹਰਿਆਣਾ ਤੋਂ ਵੱਧ ਵੈਕਸੀਨ ਮਿਲੀ ਹੈ। ਹਰਿਆਣਾ ਨੂੰ 74-75 ਲੱਖ ਟੀਕਿਆਂ ਦੀ ਜਗ੍ਹਾ 58 ਲੱਖ ਟੀਕੇ ਹੀ ਮਿਲੇ ਹਨ। ਦੇਸ਼ ’ਚ ਅਜੇ 12 ਕਰੋੜ ਟੀਕੇ ਮੁਹੱਈਆ ਹੋਣ ਜਾ ਰਹੇ ਹਨ।
ਕੇਜਰੀਵਾਲ ਨਾਲ ਗਲਤ ਵਤੀਰਾ ਕਰ ਰਹੇ ਨੇ ਭਾਜਪਾ ਆਗੂ: ਸਿਸੋਦੀਆ
ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਸ੍ਰੀ ਕੇਜਰੀਵੲਲ ਟੀਕਾਕਰਨ ਮੁਹਿੰਮ ਤੇਜ਼ ਕਰਨ ਲਈ ਸਖ਼ਤ ਮਹਿਨਤ ਕਰ ਰਹੇ ਹਨ ਕਿ ਤੀਜੀ ਲਹਿਰ ਤੋਂ ਪਹਿਲਾਂ ਵੱਧ ਤੋਂ ਵੱਧ ਲੋਕਾਂ ਦੇ ਟੀਕੇ ਲੱਗ ਸਕਣ, ਪਰ ਭਾਜਪਾ ਆਗੂਆਂ ਵੱਲੋਂ ਕੇਜਰੀਵਾਲ ਨਾਲ ਗਲਤ ਵਤੀਰਾ ਕੀਤਾ ਜਾ ਰਿਹਾ ਹੈ। ਪਹਿਲਾਂ ਉਨ੍ਹਾਂ ਦਿੱਲੀ ਦੀ ਆਕਸੀਜਨ ਸਪਲਾਈ ਰੋਕੀ। ਸ੍ਰੀ ਕੇਜਰੀਵਾਲ ਨੇ ਸੰਘਰਸ਼ ਕੀਤਾ ਜਿਸ ਕਰਕੇ ਹਜ਼ਾਰਾਂ ਲੋਕਾਂ ਦੀ ਜਾਨ ਬਚੀ। ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਬਦਸਲੂਕੀ ਤੇ ਆਲੋਚਨਾ ਦੇ ਬਾਵਜੂਦ ਮੁੱਖ ਮੰਤਰੀ ਕੇਜਰੀਵਾਲ ਟੀਕਿਆਂ ਦੀ ਮੰਗ ਕਰਦੇ ਰਹਿਣਗੇ।