ਪੱਤਰ ਪ੍ਰੇਰਕ
ਨਵੀਂ ਦਿੱਲੀ, 23 ਅਪਰੈਲ
ਦਿੱਲੀ ਭਾਜਪਾ ਦੇ ਪ੍ਰਧਾਨ ਆਦੇਸ਼ ਗੁਪਤਾ ਨੇ ਕਿਹਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਜਾਣ ਵਾਲੀ ਆਪਣੀ ਮੁਲਾਕਾਤ ਨੂੰ ਜਾਣਬੁੱਝ ਕੇ ਟੀਵੀ ’ਤੇ ਪ੍ਰਚਾਰ ਕਰਨ ਲਈ ਸੰਬੋਧਨ ਕੀਤਾ ਹੈ। ਉਨ੍ਹਾਂ ਕਿਹਾ ਕਿ ਅੱਜ ਅਰਵਿੰਦ ਕੇਜਰੀਵਾਲ ਨੇ ਨਾ ਸਿਰਫ ਲੋਕਤੰਤਰੀ ਕਦਰਾਂ ਕੀਮਤਾਂ ਨੂੰ ਖਤਮ ਕੀਤਾ ਬਲਕਿ ਵਿਸ਼ਵਾਸ ਦਾ ਧਾਗਾ ਵੀ ਤੋੜ ਦਿੱਤਾ ਹੈ, ਜਿਸ ਨਾਲ ਕੇਂਦਰ ਤੇ ਰਾਜਾਂ ਦੇ ਆਪਸ ਵਿੱਚ ਸਬੰਧ ਬੱਝੇ ਹੋਏ ਹਨ। ਅਰਵਿੰਦ ਕੇਜਰੀਵਾਲ ਵਲੋਂ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕਰੋਨਾ ਬਾਰੇ ਕੀਤੀ ਮੀਟਿੰਗ ਦੇ ਵੇਰਵੇ ਲਾਈਵ ਦਿਖਾਏ ਗਏ, ਜਿਸ ਕਾਰਨ ਕੇਂਦਰ ਤੇ ਦਿੱਲੀ ਸਰਕਾਰ ਦਰਮਿਆਨ ਸ਼ਬਦੀ ਵਿਵਾਦ ਵਧ ਗਿਆ ਹੈ। ਇਸ ਤੋਂ ਪਹਿਲਾਂ ਕੇਜਰੀਵਾਲ ਨੇ ਦਿੱਲੀ ਵਿਚ ਆਕਸੀਜਨ ਦੀ ਘਾਟ ਪੂਰੀ ਕਰਨ ਦੀ ਮੰਗ ਕੀਤੀ ਸੀ। ਉਨ੍ਹਾਂ ਕਿਹਾ ਕਿ ਆਕਸੀਜਨ ਦੀ ਸਪਲਾਈ ਕਰਨ ਵਾਲੇ ਵਾਹਨ ਨਾਲ ਫੌਜ ਦਾ ਵਾਹਨ ਵੀ ਹੋਣਾ ਚਾਹੀਦਾ ਹੈ। ਦੂਜੇ ਪਾਸੇ ਕੇਂਦਰੀ ਅਧਿਕਾਰੀਆਂ ਨੇ ਮੀਟਿੰਗ ਦੀ ਕਾਰਵਾਈ ਜਨਤਕ ਕਰਨ ਦਾ ਵਿਰੋਧ ਕੀਤਾ ਹੈ।
ਇਸ ਤੋਂ ਬਾਅਦ ਦਿੱਲੀ ਮੁੱਖ ਮੰਤਰੀ ਦਫ਼ਤਰ ਵਲੋਂ ਸਪਸ਼ਟੀਕਰਨ ਦਿੱਤਾ ਗਿਆ ਕਿ ਕੇਂਦਰ ਸਰਕਾਰ ਵਲੋਂ ਕਦੇ ਵੀ ਅਜਿਹੀ ਵਾਰਤਾ ਜਨਤਕ ਨਾ ਕਰਨ ਦੇ ਹੁਕਮ ਨਹੀਂ ਦਿੱਤੇ ਗਏ।