ਪੱਤਰ ਪ੍ਰੇਰਕ
ਨਵੀਂ ਦਿੱਲੀ, 8 ਅਪਰੈਲ
ਤੇਲ ਕੀਮਤਾਂ ਵਿੱਚ ਵਾਧੇ ਮਗਰੋਂ ਢੋਆ-ਢੁਆਈ ਦੇ ਖਰਚੇ ਵਧਣ ਕਾਰਨ ਦਿੱਲੀ ਤੇ ਆਸ-ਪਾਸ ਦੇ ਇਲਾਕਿਆਂ ਵਿੱਚ ਸਬਜ਼ੀਆਂ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਗਈਆਂ ਹਨ। ਸਬਜ਼ੀ ਵਿਕਰੇਤਾਵਾਂ ਅਨੁਸਾਰ ਆਵਾਜਾਈ ਦੀ ਵਧੀ ਲਾਗਤ ਤੇ ਖਰੀਦ ਮੁੱਲ ਵਿੱਚ ਵਾਧੇ ਕਾਰਨ ਉਨ੍ਹਾਂ ਦੀ ਵਿਕਰੀ ਘਟ ਗਈ ਹੈ ਤੇ ਮੁਨਾਫਾ ਸੁੰਗੜ ਗਿਆ ਹੈ। ਸਬਜ਼ੀ ਵਿਕਰੇਤਾ ਨੇ ਦੱਸਿਆ ਕਿ ਬਾਜ਼ਾਰ ਵਿੱਚ ਨਿੰਬੂ 350 ਰੁਪਏ ਪ੍ਰਤੀ ਕਿਲੋ ਮਿਲਦਾ ਹੈ, ਜਿਸ ਦਾ ਮਤਲਬ ਹੈ ਕਿ 10 ਰੁਪਏ ਵਿੱਚ ਇੱਕ ਵੀ ਨਿੰਬੂ ਨਹੀਂ ਮਿਲੇਗਾ। ਸ਼ਿਮਲਾ ਮਿਰਚ 100 ਰੁਪਏ ਪ੍ਰਤੀ ਕਿਲੋ ਹੈ। ਲਾਜਪਤ ਨਗਰ ਦੇ ਸਬਜ਼ੀ ਵਿਕਰੇਤਾ ਨੇ ਦੱਸਿਆ ਕਿ ਟਮਾਟਰ ਦੀ ਕੀਮਤ 40 ਰੁਪਏ ਪ੍ਰਤੀ ਕਿਲੋ ਹੋ ਗਈ ਹੈ ਤੇ ਆਲੂ ਹੁਣ 25 ਰੁਪਏ ਪ੍ਰਤੀ ਕਿਲੋ ਵਿਕ ਰਹੇ ਹਨ, ਜੋ ਪਹਿਲਾਂ ਇਹ 10 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਸੀ। ਉਨ੍ਹਾਂ ਕਿਹਾ ਕਿ ਫਲਾਂ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋਇਆ ਹੈ। ਗਰਮੀ ਦਾ ਮੌਸਮ ਹੈ ਅਤੇ ਤਰਬੂਜਾਂ ਦੀ ਹਮੇਸ਼ਾ ਮੰਗ ਹੁੰਦੀ ਹੈ। ਪਹਿਲਾਂ ਇਸਨੂੰ 20 ਜਾਂ 25 ਰੁਪਏ ਵਿੱਚ ਵੇਚਦੇ ਸੀ ਪਰ ਹੁਣ ਇਹ 30 ਰੁਪਏ ਵਿੱਚ ਵਿਕ ਰਿਹਾ ਹੈ। ਮੰਡੀਆਂ ਵਿੱਚੋਂ ਤਰਬੂਜ 27 ਰੁਪਏ ਵਿੱਚ ਮਿਲਦੇ ਹਨ। ਵਿਕਰੇਤਾਵਾਂ ਨੇ ਗਾਹਕਾਂ ਨੂੰ ਧਨੀਆ, ਤੇ ਹਰੀਆਂ ਮਿਰਚਾਂ ਮੁਫ਼ਤ ਦੇਣੀਆਂ ਬੰਦ ਕਰ ਦਿੱਤੀਆਂ ਹਨ। ਗੁਜਰਾਤ ਵਿੱਚ ਕੁਦਰਤੀ ਆਫ਼ਤ ਕਾਰਨ ਨਿੰਬੂਆਂ ਦੇ ਰੇਟ ਅਸਮਾਨੀ ਚੜ੍ਹ ਰਹੇ ਹਨ, ਜਦੋਂ ਕਿ ਉੱਚ ਆਵਾਜਾਈ ਲਾਗਤ ਕਾਰਨ ਇੱਥੋਂ ਆਉਂਦੀਆਂ ਹੋਰ ਸਬਜ਼ੀਆਂ ਦੀ ਲਾਗਤ ਵਧ ਗਈ ਹੈ।