ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 22 ਜੂਨ
ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਪੁਰੀ ਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅੱਜ ਕਰੋਨਾ ਮਹਾਮਾਰੀ ਦੇ ਟੀਕੇ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਮਿਹਣੋ-ਮਿਹਣੀ ਹੋ ਗਏ। ਦਿੱਲੀ ਸਰਕਾਰ ਤੇ ਕੇਂਦਰ ਸਰਕਾਰ ਦਰਮਿਆਨ ਕੋਵਿਡ-19 ਤੋਂ ਬਚਾਅ ਲਈ ਲਾਏ ਜਾਣ ਵਾਲੇ ਟੀਕੇ ਨੂੰ ਲੈ ਕੇ ਆਏ ਦਿਨ ਦੋਸ਼ਾਂ ਦਾ ਦੌਰ ਜਾਰੀ ਹੈ।
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪੰਜਾਬ ਫੇਰੀ ਦੌਰਾਨ ਸਿੱਖ ਸ਼ਖ਼ਸੀਅਤ ਨੂੰ ਅਗਲੀਆਂ ਚੋਣਾਂ ਦੌਰਾਨ ਮੁੱਖ ਮੰਤਰੀ ਉਮੀਦਵਾਰ ਦੇਣ ਦੇ ਐਲਾਨ ਨੂੰ ਲੈ ਕੇ ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਟਵੀਟ ਕੀਤਾ ਕਿ ਜਦੋਂ ਇੱਕ ਦਿਨ ਵਿੱਚ ਭਾਰਤ ਨੇ 84 ਲੱਖ ਤੋਂ ਵੱਧ ਲੋਕਾਂ ਨੂੰ ਟੀਕਾ ਲਾਇਆ ਤਾਂ ਦਿੱਲੀ ਨੇ ਮੁਹੱਈਆ 11 ਲੱਖ ਖੁਰਾਕਾਂ ਵਿੱਚੋਂ ਸਿਰਫ਼ 76259 ਦਾ ਪ੍ਰਬੰਧ ਕਿਉਂ ਕੀਤਾ। ਦਿੱਲੀ ਦੇ ਲੋਕਾਂ ਦੀ ਭਲਾਈ ਤੇ ਸਿਹਤ ’ਤੇ ਕੇਂਦਰਤ ਹੋਣ ਦੀ ਬਜਾਏ ਕੇਜਰੀਵਾਲ ਆਪਣੀ ਪਾਰਟੀ ਲਈ ਸਿੱਖ ਮੁੱਖ ਮੰਤਰੀ ਦੇ ਚਿਹਰੇ ਦੀ ਭਾਲ ਵਿੱਚ ਪੰਜਾਬ ’ਚ ਰੁੱਝੇ ਹੋਏ ਹਨ।
ਇਸ ਟਵੀਟ ਦਾ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਜਵਾਬ ਦਿੱਤਾ ਕਿ ਨਿਖੇਧੀ ਕਰਨ ਦੀ ਬਜਾਏ ਨੌਜਵਾਨਾਂ ਨੂੰ ਲੋੜੀਂਦੇ ਟੀਕੇ ਮੁਹੱਈਆ ਕਰਵਾਉਣ ਵੱਲ ਧਿਆਨ ਕੇਂਦਰਿਤ ਕਰੋ। ਕੇਂਦਰ ਸਰਕਾਰ ਦੇ ਢਿੱਲੇ ਟੀਕਾਕਰਨ ਨੇ ਸਾਰੇ ਦੇਸ਼ ਵਿੱਚ ਸੰਕਟ ਦੇ ਹਾਲਾਤ ਬਣਾ ਦਿੱਤੇ ਹਨ। ਕੇਂਦਰੀ ਸਿਹਤ ਮੰਤਰਾਲੇ ਅਨੁਸਾਰ ਸੋਮਵਾਰ ਨੂੰ ਦੇਸ਼ ਭਰ ਵਿੱਚ 84 ਲੱਖ ਤੋਂ ਵੱਧ ਟੀਕੇ ਦੀਆਂ ਖੁਰਾਕਾਂ ਦਾ ਪ੍ਰਬੰਧਨ ਕੀਤਾ ਗਿਆ, ਕਿਉਂਕਿ ਟੀਕਾਕਰਨ ਲਈ ਸੋਧੇ ਦਿਸ਼ਾ ਨਿਰਦੇਸ਼ ਲਾਗੂ ਹੋ ਗਏ ਹਨ। ਇਸ ਮਹੀਨੇ ਦੀ ਸ਼ੁਰੂਆਤ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁਫਤ ਟੀਕਾਕਰਨ ਦਾ ਐਲਾਨ ਕੀਤਾ ਸੀ।
ਕਰੋਨਾ ਦੇ 134 ਨਵੇਂ ਕੇਸ
ਿਸਹਤ ਵਿਭਾਗ ਵੱਲੋਂ ਸਾਂਝੇ ਕੀਤੇ ਗਏ ਅੰਕੜਿਆਂ ਅਨੁਸਾਰ ਦਿੱਲੀ ਵਿੱਚ ਮੰਗਲਵਾਰ ਨੂੰ ਕਰੋਨਾਵਾਇਰਸ ਦੇ 134 ਕੇਸ (ਪਾਜ਼ੇਟਿਵ ਦਰ 0.20 ਪ੍ਰਤੀਸ਼ਤ) ਦਰਜ ਕੀਤੇ ਗਏ, ਜਦੋਂ ਕਿ ਅੱਠ ਹੋਰ ਲੋਕ ਇਸ ਬਿਮਾਰੀ ਦਾ ਸ਼ਿਕਾਰ ਹੋ ਗਏ। ਦਿੱਲੀ ਵਿਚ ਸੋਮਵਾਰ ਨੂੰ 89 ਕੋਵਿਡ -19 ਮਾਮਲੇ ਦਰਜ ਕੀਤੇ ਗਏ ਸਨ, ਜਿਨ੍ਹਾਂ ਦੀ ਪਾਜ਼ੇਟਿਵ ਦਰ 0.16 ਪ੍ਰਤੀਸ਼ਤ ਸੀ।
ਭਾਜਪਾ ਨੇ ਕੇਜਰੀਵਾਲ ਸਰਕਾਰ ਘੇਰੀ
ਦਿੱਲੀ ਪ੍ਰਦੇਸ਼ ਭਾਜਪਾ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਵੱਲ ਰੁਖ ਕਰਨ ’ਤੇ ਨਿਸ਼ਾਨਾ ਲਾਇਆ ਕਿ ਉਹ ਅਜਿਹੇ ਸਮੇਂ ਪਾਰਟੀ ਦਾ ਵਿਸਥਾਰ ਕਰਨ ਲਈ ਪੰਜਾਬ ਗਏ ਜਦੋਂ ਕਿ ਕੋਵਿਡ-19 ਟੀਕਿਆਂ ਲਈ ਮੁਹਿੰਮ ਚੱਲ ਰਹੀ ਹੈ। ਪ੍ਰਦੇਸ਼ ਭਾਜਪਾ ਪ੍ਰਧਾਨ ਆਦੇਸ਼ ਗੁਪਤਾ ਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਮਵੀਰ ਸਿੰਘ ਬਿਧੂੜੀ ਨੇ ਕਿਹਾ ਕਿ ਅਪਰੈਲ ਤੱਕ 1.82 ਲੱਖ ਟੀਕੇ ਬਰਬਾਦ ਹੋ ਗਏ ਸਨ।