ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 17 ਦਸੰਬਰ
ਜਨਤਕ ਖੇਤਰ ਦੇ ਬੈਂਕਾਂ ਦੇ ਲੱਖਾਂ ਮੁਲਾਜ਼ਮਾਂ ਨੇ ਅੱਜ ਦੂਜੇ ਦਿਨ ਵੀ ਹੜਤਾਲ ਜਾਰੀ ਰੱਖੀ। ਸਰਕਾਰੀ ਬੈਂਕਾਂ ਦੇ ਨਿੱਜੀਕਰਨ ਵਿਰੁੱਧ ਜਾਰੀ ਇਸ ਹੜਤਾਲ ਕਾਰਨ ਵੱਡੀ ਮਾਤਰਾ ਵਿੱਚ ਕੰਮਕਾਜ ਪ੍ਰਭਾਵਤ ਹੋਇਆ ਤੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਦਿੱਲੀ ਦੇ ਜੰਤਰ-ਮੰਤਰ ਵਿੱਚ ਬੈਂਕ ਮੁਲਾਜ਼ਮਾਂ ਨੇ ਨਾਅਰੇਬਾਜ਼ੀ ਕੀਤੀ ਤੇ ਬੈਂਕਾਂ ਦੇ ਨਿੱਜੀਕਰਨ ਦੀ ਨਿਖੇਧੀ ਕੀਤੀ।
ਆਲ ਇੰਡੀਆ ਬੈਂਕ ਆਫਿਸਰਜ਼ ਕਨਫੈਡਰੇਸ਼ਨ (ਏਆਈਬੀਓਸੀ) ਅਤੇ ਆਲ ਇੰਡੀਆ ਬੈਂਕ ਸਮੇਤ ਨੌਂ ਬੈਂਕ ਯੂਨੀਅਨਾਂ ਦੀ ਸੰਸਥਾ ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨ (ਯੂਐੱਫਬੀਯੂ) ਵੱਲੋਂ ਦਿੱਤੇ ਹੜਤਾਲ ਦੇ ਸੱਦੇ ਤੋਂ ਬਾਅਦ ਸ਼ੁੱਕਰਵਾਰ ਨੂੰ ਦਿੱਲੀ ਦੇ ਕਈ ਹਿੱਸਿਆਂ ਵਿੱਚ ਬੈਂਕ ਬੰਦ ਰਹੇ। ਦੋ ਦਿਨਾਂ ਹੜਤਾਲ ਕਾਰਨ ਬ੍ਰਾਂਚਾਂ ਵਿੱਚ ਪੈਸੇ ਜਮ੍ਹਾਂ ਕਰਵਾਉਣ ਤੇ ਕਢਵਾਉਣ, ਚੈੱਕ ਕਲੀਅਰੈਂਸ ਅਤੇ ਲੋਨ ਮਨਜ਼ੂਰੀਆਂ ਵਰਗੀਆਂ ਸੇਵਾਵਾਂ ਪ੍ਰਭਾਵਤ ਹੋਈਆਂ। ਸਟੇਟ ਬੈਂਕ ਆਫ ਇੰਡੀਆ ਸਮੇਤ ਜਨਤਕ ਖੇਤਰ ਦੇ ਬੈਂਕਾਂ ਨੇ ਗਾਹਕਾਂ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਸੀ ਕਿ ਹੜਤਾਲ ਕਾਰਨ ਉਨ੍ਹਾਂ ਦੀਆਂ ਸ਼ਾਖਾਵਾਂ ਵਿੱਚ ਸੇਵਾਵਾਂ ਪ੍ਰਭਾਵਿਤ ਹੋ ਸਕਦੀਆਂ ਹਨ। ਹਾਲਾਂਕਿ ਐੱਚਡੀਐੱਫਸੀ, ਆਈਸੀਆਈਸੀਆਈ ਬੈਂਕ ਅਤੇ ਕੋਟਕ ਮਹਿੰਦਰਾ ਵਰਗੇ ਨਿੱਜੀ ਖੇਤਰ ਦੇ ਬੈਂਕਾਂ ਵਿੱਚ ਕੰਮਕਾਜ ਆਮ ਵਾਂਗ ਜਾਰੀ ਰਿਹਾ।
‘ਏਆਈਬੀਓਸੀ’ ਦੀ ਜਨਰਲ ਸਕੱਤਰ ਸੌਮਿਆ ਦੱਤਾ ਨੇ ਕਿਹਾ ਕਿ ਦੇਸ਼ ਭਰ ਦੇ ਕਰੀਬ ਸੱਤ ਲੱਖ ਮੁਲਾਜ਼ਮ ਦੋ ਦਿਨਾਂ ਹੜਤਾਲ ਵਿੱਚ ਹਿੱਸਾ ਲੈ ਰਹੇ ਹਨ। ਜ਼ਿਕਰਯੋਗ ਹੈ ਕਿ ਫਰਵਰੀ ਵਿੱਚ ਪੇਸ਼ ਕੀਤੇ ਗਏ ਕੇਂਦਰੀ ਬਜਟ ਵਿੱਚ, ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਪਣੀ ਨਿਵੇਸ਼ ਯੋਜਨਾ ਦੇ ਹਿੱਸੇ ਵਜੋਂ ਜਨਤਕ ਖੇਤਰ ਦੇ ਦੋ ਬੈਂਕਾਂ ਦੇ ਨਿੱਜੀਕਰਨ ਦਾ ਐਲਾਨ ਕੀਤਾ ਸੀ। ਨਿੱਜੀਕਰਨ ਦੀ ਸਹੂਲਤ ਲਈ, ਸਰਕਾਰ ਨੇ ਬੈਂਕਿੰਗ ਕਾਨੂੰਨ (ਸੋਧ) ਬਿੱਲ, 2021 ਨੂੰ ਸੰਸਦ ਦੇ ਮੌਜੂਦਾ ਸੈਸ਼ਨ ਦੌਰਾਨ ਪੇਸ਼ ਕਰਨ ਅਤੇ ਪਾਸ ਕਰਨ ਲਈ ਸੂਚੀਬੱਧ ਕੀਤਾ ਹੈ। ਚੇਤੇ ਰਹੇ ਦਸੰਬਰ ਵਿੱਚ ਆਮ ਮਹੀਨਿਆਂ ਨਾਲੋਂ ਜ਼ਿਆਦਾ ਛੁੱਟੀਆਂ ਹੋਈਆਂ ਤੇ ਦੋ ਦਿਨਾ ਹੜਤਾਲ ਨੇ ਬੈਂਕ ਸਿਸਟਮ ਦਾ ਵੱਡਾ ਨੁਕਸਾਨ ਕੀਤਾ ਹੈ।
ਬੈਂਕ ਮੁਲਾਜ਼ਮਾਂ ਨੇ ਲੋਕਾਂ ਕੋਲੋਂ ਸਾਥ ਮੰਗਿਆ
ਟੋਹਾਣਾ (ਗੁਰਦੀਪ ਸਿੰਘ): ਸਰਕਾਰੀ ਬੈਂਕਾਂ ਦੇ ਕਰਮਚਾਰੀਆਂ ਤੇ ਅਧਿਕਾਰੀਆਂ ਦੀ ਹੜਤਾਲ ਕਾਰਨ ਅੱਜ ਦੂਜੇ ਦਿਨ ਵੀ ਬੈਂਕਾਂ ਵਿੱਚ ਕੰਮਕਾਜ ਠੱਪ ਰਿਹਾ। ਸ਼ੀਤ ਲਹਿਰ ਤੇ ਧੁੰਦ ਦੇ ਬਾਵਜੂਦ ਬੈਂਕਾਂ ਦੇ ਸੈਂਕੜੇ ਕਰਮਚਾਰੀ ਪੰਜਾਬ ਨੈਂਸ਼ਨਲ ਬੈਂਕ ਤੇ ਸਟੇੇਟ ਬੈਂਕ ਦੇ ਸਾਹਮਣੇ ਇਕੱਠੇ ਹੋਏ ਅਤੇ ਧਰਨੇ ’ਤੇ ਬੈਠੇ। ਜ਼ਿਲ੍ਹਾ ਫਤਿਹਾਬਾਦ ਦੇ ਬੈਂਕਾਂ ਵਿੱਚ ਕਈ ਸੌ ਕਰੋੜ ਦਾ ਲੈਣ-ਦੇਣ ਠੱਪ ਰਿਹਾ। ਬੈਂਕ ਮੁਲਾਜ਼ਮਾਂ ਨੇ ਲੋਕਾਂ ਤੋਂ ਸਹਿਯੋਗ ਮੰਗਦਿਆਂ ਬੈਂਕਾਂ ਦੇ ਨਿੱਜੀਕਰਨ ਵਿਰੁੱਧ ਖੜ੍ਹੇ ਹੋਣ ਦੀ ਅਪੀਲ ਕੀਤੀ ਹੈ। ਮੁਲਾਜ਼ਮ ਆਗੂ ਸ੍ਰੀ ਗਰਗ ਨੇ ਕਿਹਾ ਕਿ ਕਲਿਆਣਕਾਰੀ ਨੀਤੀਆਂ ਦਾ ਬੋਝ ਸਰਕਾਰੀ ਬੈਂਕਾਂ ’ਤੇ ਪੈ ਰਿਹਾ ਹੈ। ਜ਼ੀਰੋ ਰਾਸ਼ੀ ਨਾਲ ਬੈਂਕ ਖਾਤੇ ਸਰਕਾਰੀ ਬੈਂਕਾਂ ’ਚ ਖੁੱਲ੍ਹਦੇ ਹਨ ਅਤੇ ਨਿੱਜੀ ਬੈਂਕ ਮਲਾਈ ਖਾ ਰਹੇ ਹਨ।