ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 13 ਜੂਨ
ਦਿੱਲੀ ਵਿੱਚ ਭਲਕ ਤੋਂ ਰੈਸਤਰਾਂ 50 ਫ਼ੀਸਦ ਸਮਰੱਥਾ ਨਾਲ ਖੁੱਲ੍ਹਣਗੇ। ਇਸ ਤੋਂ ਇਲਾਵਾ ਹਫ਼ਤਾਵਾਰੀ ਬਾਜ਼ਾਰ ਤੇ ਧਾਰਮਿਕ ਸਥਾਨ ਵੀ ਖੋਲ੍ਹ ਦਿੱਤੇ ਜਾਣਗੇ। ਹਾਲਾਂਕਿ ਧਾਰਮਿਕ ਥਾਵਾਂ ਉਤੇ ਲੋਕਾਂ ਨੂੰ ਆਉਣ ਦੀ ਖੁੱਲ੍ਹ ਨਹੀਂ ਦਿੱਤੀ ਗਈ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸ਼ਹਿਰ ਵਿਚ ਮਹਾਮਾਰੀ ਹੁਣ ਕਾਬੂ ਹੇਠ ਹੈ। 19 ਅਪਰੈਲ ਤੋਂ ਦਿੱਲੀ ਵਿਚ ਬਿਊਟੀ ਪਾਰਲਰ, ਵਾਲ ਕਟਾਉਣ ਵਾਲੀਆਂ ਦੁਕਾਨਾਂ ਤੇ ਸੈਲੂਨ ਵਗੈਰਾ ਬੰਦ ਸਨ। ਇਨ੍ਹਾਂ ਨੂੰ ਵੀ ਭਲਕ ਤੋਂ ਖੁੱਲ੍ਹਣ ਦੀ ਆਗਿਆ ਹੋਵੇਗੀ। ਸ੍ਰੀ ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦਿੱਲੀ ਸਰਕਾਰ ਨੇ ਹੁਣ ਅਰਥ ਵਿਵਸਥਾ ਨੂੰ ਮੁੜ ਲੀਹ ‘ਤੇ ਲਿਆਉਣ ਲਈ ਲਗਪਗ ਸਾਰੀਆਂ ਪਾਬੰਦੀਆਂ ਹਟਾਉਣ ਦਾ ਫ਼ੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਕੱਲ੍ਹ ਸਵੇਰੇ 5 ਵਜੇ ਤੋਂ ਲਗਪਗ ਸਾਰੀਆਂ ਸਰਗਰਮੀਆਂ ਨੂੰ ਖੋਲ੍ਹਣ ਦੀ ਆਗਿਆ ਦਿੱਤੀ ਜਾਵੇਗੀ ਪਰ ਕੁਝ ‘ਤੇ ਫਿਲਹਾਲ ਪੂਰੀ ਤਰ੍ਹਾਂ ਪਾਬੰਦੀ ਰਹੇਗੀ। ਉਨ੍ਹਾਂ ਕਿਹਾ ਕਿ ਸਕੂਲ, ਕਾਲਜ, ਵਿਦਿਅਕ ਤੇ ਕੋਚਿੰਗ ਸੰਸਥਾ, ਸਵੀਮਿੰਗ ਪੂਲ, ਸਟੇਡੀਅਮ, ਸਪੋਰਟਸ ਕੰਪਲੈਕਸ, ਸਿਨੇਮਾ ਤੇ ਮਲਟੀਪਲੈਕਸ ਬੰਦ ਰਹਿਣਗੇ ਤੇ ਸਮਾਜਿਕ, ਰਾਜਨੀਤਿਕ, ਖੇਡਾਂ, ਮਨੋਰੰਜਨ, ਵਿਦਿਅਕ, ਸੱਭਿਆਚਾਰਕ, ਧਾਰਮਿਕ ਸਮਾਗਮਾਂ ‘ਤੇ ਪਾਬੰਦੀ ਹੋਵੇਗੀ। ਇਸ ਤੋਂ ਇਲਾਵਾ ਸਾਰੇ ਮਾਰਕੀਟ ਕੰਪਲੈਕਸਾਂ, ਮਾਲਾਂ ਨੂੰ ਸਵੇਰੇ 10 ਵਜੇ ਤੋਂ ਸ਼ਾਮ 8 ਵਜੇ ਤੱਕ ਖੁੱਲ੍ਹਣ ਦੀ ਆਗਿਆ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਧਾਰਮਿਕ ਸਥਾਨ ਤਾਂ ਖੋਲ੍ਹੇ ਜਾਣਗੇ, ਪਰ ਉਥੇ ਕਿਸੇ ਨੂੰ ਜਾਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਇਸ ਦੌਰਾਨ ਮੁੱਖ ਮੰਤਰੀ ਨੇ ਮਾਰਕੀਟ ਐਸੋਸੀਏਸ਼ਨ ਤੇ ਦੁਕਾਨਦਾਰ ਨੂੰ ਬੇਨਤੀ ਕੀਤੀ ਕਿ ਉਹ ਭੀੜ ਨਾ ਲੱਗਣ ਦੇਣ ਤੇ ਸਮਾਜਿਕ ਦੂਰੀਆਂ ਦੀ ਪਾਲਣਾ ਕੀਤੀ ਜਾਵੇ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਇਸ ਹਫ਼ਤੇ ਦਾ ਲੌਕਡਾਊਨ ਕੱਲ੍ਹ ਸਵੇਰੇ ਪੰਜ ਵਜੇ ਖ਼ਤਮ ਹੋ ਜਾਵੇਗਾ। ਸਰਕਾਰ ਦੇ ਨਵੇਂ ਹੁਕਮਾਂ ਮੁਤਾਬਿਤ ਵਿਦਿਅਕ ਸੰਸਥਾਵਾਂ ਬੰਦ ਰਹਿਣਗੀਆਂ, ਕੋਚਿੰਗ ਸੰਸਥਾਵਾਂ ਬੰਦ ਰਹਿਣਗੀਆਂ। ਸਮਾਜਿਕ, ਰਾਜਨੀਤਿਕ, ਖੇਡਾਂ, ਮਨੋਰੰਜਨ, ਅਕਾਦਮਿਕ, ਸਭਿਆਚਾਰਕ ਅਤੇ ਧਾਰਮਿਕ ਕਾਰਜਾਂ ਨਾਲ ਸਬੰਧਤ ਸਾਰੇ ਪ੍ਰੋਗਰਾਮਾਂ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਸਟੇਡੀਅਮ ਬੰਦ ਰਹਿਣਗੇ, ਖੇਡ ਕੰਪਲੈਕਸ ਬੰਦ ਰਹਿਣਗੇ, ਸਿਨੇਮਾ-ਥੀਏਟਰ, ਮਲਟੀਪਲੈਕਸਾਂ ਬੰਦ ਰਹਿਣਗੀਆਂ।