ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 5 ਜੂਨ
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਦਿੱਲੀ ’ਚ ਕਰੋਨਾ ਕੇਸਾਂ ਵਿੱਚ ਆਈ ਕਮੀ ਦੇ ਮੱਦੇਨਜ਼ਰ ਕੁਝ ਹੋਰ ਸਰਗਰਮੀਆਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਸ੍ਰੀ ਕੇਜਰੀਵਾਲ ਨੇ ਕਿਹਾ ਕਿ ਹੁਣ ਬਾਜ਼ਾਰ ਤੇ ਮਾਲ ‘ਜਿਸਤ ਟਾਂਕ’ ਫਾਰਮੂੁਲੇ ਤਹਿਤ ਖੁੱਲ੍ਹ ਸਕਦੇ ਹਨ ਤੇ 50 ਫ਼ੀਸਦ ਸਮਰੱਥਾ ਨਾਲ ਮੈਟਰੋ ਵੀ ਸ਼ੁਰੂ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਜਿਸਤ ਟਾਂਕ ਤਹਿਤ ਬਾਜ਼ਾਰਾਂ ਤੇ ਮਾਲਾਂ ’ਚ ਅੱਧੀਆਂ ਦੁਕਾਨਾਂ ਇੱਕ ਦਿਨ ਖੁੱਲ੍ਹਣਗੀਆਂ ਤੇ ਅੱਧੀਆਂ ਦੁਕਾਨਾਂ ਦੂਜੇ ਦਿਨ ਸਵੇਰੇ 10:00 ਵਜੇ ਤੋਂ 8:00 ਵਜੇ ਸ਼ਾਮ ਤੱਕ ਖੁੱਲ੍ਹਣਗੀਆਂ। ਇਸ ਤੋਂ ਇਲਾਵਾ ਜ਼ਰੂਰੀ ਸੇਵਾਵਾਂ ’ਚ 100 ਫ਼ੀਸਦ ਕਰਮਚਾਰੀ ਕੰਮ ਕਰਨਗੇ ਜਦੋਂ ਕਿ ਸਾਰੇ ਪ੍ਰਾਈਵੇਟ ਦਫ਼ਤਰ 50 ਫੀਸਦ ਮੁਲਾਜ਼ਮਾਂ ਨਾਲ ਖੋਲ੍ਹੇ ਜਾ ਸਕਦੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਐਚਓਡੀ ਨੂੰ ਇਹ ਫੈਸਲਾ ਲੈਣ ਦਾ ਅਧਿਕਾਰ ਹੋਵੇਗਾ ਕਿ ਕਿਸ ਨੂੰ ਜ਼ਰੂਰੀ ਸੇਵਾਵਾਂ ਕਰਨਾ ਹੈ, ਕਿਸ ਨੂੰ 50 ਫੀਸਦ ਕਰਨਾ ਹੈ ਤੇ ਕਿਸ ਨੂੰ 100 ਫੀਸਦ ਕਰਨਾ ਹੈ। ਪਿਛਲੇ 24 ਘੰਟਿਆਂ ’ਚ ਦਿੱਲੀ ’ਚ ਤਕਰੀਬਨ 400 ਕੇਸ ਆਏ ਹਨ, ਜਦੋਂ ਕਿ ਲਾਗ ਦੀ ਦਰ 0.5 ਫੀਸਦ ਤੱਕ ਆ ਗਈ ਹੈ ਤੇ ਹੁਣ ਕਰੋਨਾ ਦੀ ਸਥਿਤੀ ਕਾਬੂ ’ਚ ਆਉਂਦੀ ਨਜ਼ਰ ਆ ਰਹੀ ਹੈ।
ਡਿਜੀਟਲ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਹੌਲੀ-ਹੌਲੀ ਕਰੋਨਾ ਦੀ ਸਥਿਤੀ ਦਿੱਲੀ ਦੇ ਅੰਦਰ ਬਿਹਤਰ ਹੁੰਦੀ ਜਾ ਰਹੀ ਹੈ, ਜਿਸ ਦੇ ਮੱਦੇਨਜ਼ਰ ਉਨ੍ਹਾਂ ਨੇ ਪਿਛਲੇ ਹਫਤੇ ਤੋਂ ਤਾਲਾਬੰਦੀ ਖੋਲ੍ਹਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਜੇ ਦਿੱਲੀ ’ਚ ਕਰੋਨਾ ਦੀ ਸਥਿਤੀ ਬਿਹਤਰ ਹੁੰਦੀ ਜਾ ਰਹੀ ਹੈ ਤਾਂ ਅਰਥ ਵਿਵਸਥਾ ਨੂੰ ਮੁੜ ਲੀਹ ‘ਤੇ ਲਿਆਉਣਾ ਵੀ ਬਹੁਤ ਜ਼ਰੂਰੀ ਹੈ। ਕੇਜਰੀਵਾਲ ਨੇ ਦੱਸਿਆ ਕਿ ਪਿਛਲੇ ਹਫਤੇ ਉਨ੍ਹਾਂ ਨੇ ਐਲਾਨ ਕੀਤਾ ਸੀ ਤਾਲਾਬੰਦੀ ਸੋਮਵਾਰ ਨੂੰ ਸਵੇਰੇ 5 ਵਜੇ ਤੱਕ ਪ੍ਰਭਾਵੀ ਹੈ। ਤਾਲਾਬੰਦੀ ਇਸ ਤੋਂ ਅੱਗੇ ਵੀ ਜਾਰੀ ਰਹੇਗੀ, ਪਰ ਹੋਰ ਵੀ ਕਈ ਸਰਗਰਮੀਆਂ ਖੋਲ੍ਹੀਆਂ ਜਾ ਰਹੀਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ’ਚ ਸਾਰੇ ਪ੍ਰਾਈਵੇਟ ਦਫਤਰ 50 ਫੀਸਦ ਮੁਲਾਜ਼ਮਾਂ ਨਾਲ ਖੁੱਲ੍ਹ ਸਕਦੇ ਹਨ ਪਰ ਫਿਰ ਵੀ ਵੱਧ ਤੋਂ ਵੱਧ ਲੋਕਾਂ ਨੂੰ ਘਰੋਂ ਕੰਮ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਪ੍ਰਾਈਵੇਟ ਦਫਤਰ ਆਪਣੇ ਸਮੇਂ ਵਿੱਚ ਬਦਲਾਅ ਕਰਨ ਦੀ ਕੋਸ਼ਿਸ਼ ਕਰਨ ਤਾਂ ਜੋ ਲੋਕ ਇਕੋ ਸਮੇਂ ਸੜਕ ’ਤੇ ਨਾ ਆ ਸਕਣ। ਉਨ੍ਹਾਂ ਕਿਹਾ ਕਿ ਜ਼ਰੂਰੀ ਵਸਤਾਂ ਵਾਲੀਆਂ ਦੁਕਾਨਾਂ ਰੋਜ਼ਾਨਾ ਖੁੱਲ੍ਹਣਗੀਆਂ। ਦਿੱਲੀ ਮੈਟਰੋ ਦੀ ਸ਼ੁਰੂਆਤ 50 ਫ਼ੀਸਦ ਸਮਰੱਥਾ ਨਾਲ ਕੀਤੀ ਜਾ ਰਹੀ ਹੈ ਤੇ ਈ-ਕਾਮਰਸ ਰਾਹੀਂ ਸਾਮਾਨ ਵੇਚਣ ਦੀ ਪ੍ਰਕਿਰਿਆ ਜਾਰੀ ਰਹੇਗੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇ ਆਉਣ ਵਾਲੇ ਹਫਤੇ ਦੇ ਅੰਦਰ ਕਰੋਨਾ ਦੀ ਸਥਿਤੀ ਕੰਟਰੋਲ ਹੇਠ ਰਹੀ ਤਾਂ ਅਗਲੇ ਹਫਤੇ ਹੋਰ ਬਹੁਤ ਸਾਰੀਆਂ ਸਰਗਰਮੀਆਂ ਖੁੱਲ੍ਹ ਜਾਣਗੀਆਂ।
ਦਿੱਲੀ ਸਰਕਾਰ ਵੱਲੋਂ ਕਰੋਨਾ ਸਥਿਤੀ ਸਬੰਧੀ ਬੈਠਕ
ਦਿੱਲੀ ’ਚ ਕਰੋਨਾ ਦੀ ਸੰਭਾਵਤ ਤੀਜੀ ਲਹਿਰ ਦੀ ਸਥਿਤੀ ਦੇ ਮੱਦੇਨਜ਼ਰ ਲੋਕਾਂ ਦੇ ਇਲਾਜ ਨੂੰ ਯਕੀਨੀ ਬਣਾਉਣ ਲਈ ਸਰਕਾਰ ਵੱਲੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪ੍ਰਧਾਨਗੀ ਹੇਠ ਇੱਕ ਉੱਚ ਪੱਧਰੀ ਬੈਠਕ ਕੀਤੀ ਗਈ, ਜਿਸ ਕਈ ਅਹਿਮ ਫੈਸਲੇ ਲਏ। ਇਸ ਮੌਕੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੋਵਡ -19 ਮਹਾਮਾਰੀ ਵਿਰੁੱਧ ਲੜਾਈ ਵਿਚ ਇਕ ਕਦਮ ਅੱਗੇ ਵਧਾਉਂਦਿਆਂ ਦਿੱਲੀ ਸਰਕਾਰ ਨੇ ਸਹੂਲਤਾਂ ਦੀ ਯੋਜਨਾਬੰਦੀ ਅਤੇ ਤਿਆਰੀ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਸ਼ਹਿਰ ਨੂੰ ਬੁਨਿਆਦੀ ਢਾਂਚੇ, ਮਨੁੱਖੀ ਸਰੋਤਾਂ ਤੇ ਦਵਾਈਆਂ ਦੀ ਘਾਟ ਦਾ ਸਾਹਮਣਾ ਨਾ ਕਰਨਾ ਪਵੇ। ਮਾਹਰ ਕਮੇਟੀ ਨਾਲ ਪਹਿਲੀ ਮੀਟਿੰਗ ਵਿਚ ਬਹੁਤ ਸਾਰੇ ਮਹੱਤਵਪੂਰਨ ਫੈਸਲੇ ਲਏ ਗਏ ਹਨ, ਜਿਸ ਵਿੱਚ ਬੱਚਿਆਂ ਦੇ ਪ੍ਰਭਾਵੀ ਇਲਾਜ ਲਈ ਸਿਹਤ ਬੁਨਿਆਦੀ ਢਾਂਚੇ ਨੂੰ ਵਧਾਉਣ, ਵਧੇਰੇ ਲੋਕਾਂ ਨੂੰ ਟੀਕਾ ਲਗਾਉਣ, ਆਕਸੀਜਨ ਤੇ ਆਈਸੀਯੂ ਬੈੱਡਾਂ ਦੀ ਕਾਫ਼ੀ ਗਿਣਤੀ ਤਿਆਰ ਕਰਨ, ਵਧੇਰੇ ਪੈਰਾ ਮੈਡੀਕਲ ਸਟਾਫ ਦੀ ਤਾਇਨਾਤੀ, ਆਕਸੀਜਨ ਦੀ ਸਪਲਾਈ, ਸਟੋਰੇਜ ਤੇ ਉਤਪਾਦਨ ਨੂੰ ਯਕੀਨੀ ਬਣਾਉਣ ਲਈ ਫੈਸਲੇ ਲਏ ਗਏ ਹਨ।