ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 5 ਫਰਵਰੀ
ਦਿੱਲੀ ਡਿਜਾਸਟਰ ਮੈਨੇਜਮੈਂਟ ਅਥਾਰਟੀ (ਡੀਡੀਐੱਮਏ) ਵੱਲੋਂ ਉੱਚ ਵਿਦਿਅਕ ਸੰਸਥਾਵਾਂ ਨੂੰ ਮੁੜ ਖੋਲ੍ਹਣ ਦੀ ਮਨਜ਼ੂਰੀ ਦੇਣ ਦੇ ਨਾਲ ਦਿੱਲੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਯੋਗੇਸ਼ ਸਿੰਘ ਨੇ ਕਿਹਾ ਕਿ ਯੂਨੀਵਰਸਿਟੀ ਕੁਝ ਦਿਨਾਂ ਵਿੱਚ ਖੁੱਲ੍ਹ ਜਾਵੇਗੀ ਤੇ ਉਹ ਇਸ ਸਬੰਧ ਵਿੱਚ ਰਣਨੀਤੀ ਤਿਆਰ ਕਰਨਗੇ। ਜਾਮੀਆ ਮਿਲੀਆ ਇਸਲਾਮੀਆ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਉਹ ਯੂਜੀਸੀ ਦੇ ਦਿਸ਼ਾ-ਨਿਰਦੇਸ਼ਾਂ ਦੀ ਉਡੀਕ ਕਰਨਗੇ ਤੇ ਫਿਰ ਉਹ ਆਪਣੀ ਕਾਰਜਕਾਰੀ ਕੌਂਸਲ ਦੀ ਮੀਟਿੰਗ ਵਿੱਚ ਕੈਂਪਸ ਨੂੰ ਮੁੜ ਖੋਲ੍ਹਣ ਬਾਰੇ ਚਰਚਾ ਕਰਨਗੇ। ਅਧਿਕਾਰੀਆਂ ਨੇ ਕਿਹਾ ਕਿ ਦਿੱਲੀ ਸਰਕਾਰ ਦੀ ਅੰਬੇਡਕਰ ਯੂਨੀਵਰਸਿਟੀ ਤੇ ਗੁਰੂ ਗੋਬਿੰਦ ਸਿੰਘ ਇੰਦਰਪ੍ਰਸਥ ਯੂਨੀਵਰਸਿਟੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨਗੇ। ਅੰਬੇਡਕਰ ਯੂਨੀਵਰਸਿਟੀ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਤੇ ਕੈਂਪਸ ਨੂੰ ਸਾਫ਼ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਇੱਕ ਵਾਰ ਜਦੋਂ ਆਦੇਸ਼ ਮਿਲ ਜਾਂਦਾ ਹੈ ਵਿਦਿਆਰਥੀਆਂ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣਗੇ। ਗੁਰੂ ਗੋਬਿੰਦ ਸਿੰਘ ਇੰਦਰਪ੍ਰਸਥ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾਕਟਰ ਮਹੇਸ਼ ਵਰਮਾ ਨੇ ਕਿਹਾ ਕਿ ਉਹ ਡੀਡੀਐੱਮਏ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨਗੇ ਤੇ ਕੈਂਪਸ ਖੋਲ੍ਹਣ ਲਈ ਤਿਆਰ ਹਨ। ਡੀਯੂ ਦੇ ਵਾਈਸ-ਚਾਂਸਲਰ ਯੋਗੇਸ਼ ਸਿੰਘ ਨੇ ਕਿਹਾ ਕਿ ਉਹ ਆਪਣੇ ਵਿਦਿਆਰਥੀਆਂ ਨੂੰ ਕੈਂਪਸ ਵਿੱਚ ਪਰਤਣ ਲਈ ਕੁਝ ਦਿਨਾਂ ਦਾ ਸਮਾਂ ਦੇਣਗੇ। ਯੋਗੇਸ਼ ਸਿੰਘ ਨੇ ਕਿਹਾ ਕਿ ਉਹ ਆਪਣੇ ਵਿਦਿਆਰਥੀਆਂ ਨੂੰ ਕੈਂਪਸ ਵਿੱਚ ਵਾਪਸ ਆਉਣ ਲਈ 10 ਦਿਨ ਦਾ ਸਮਾਂ ਦੇਣਗੇ ਕਿਉਂਕਿ ਜ਼ਿਆਦਾਤਰ ਵਿਦਿਆਰਥੀ ਦੂਜੇ ਰਾਜਾਂ ਤੋਂ ਹਨ।
ਦਿੱਲੀ ਯੂਨੀਵਰਸਿਟੀ ਕੈਂਪਸ ਮੁੜ ਖੋਲ੍ਹਣ ਦੀ ਮੰਗ ਲਈ ਧਰਨਾ ਭਲਕੇ
ਸਟੂਡੈਂਟਸ ਫੈੱਡਰੇਸ਼ਨ ਆਫ਼ ਇੰਡੀਆ (ਐੱਸਐੱਫਆਈ) ਨੇ ਜਾਰੀ ਕੀਤੇ ਗਏ ਡੀਡੀਐੱਮਏ ਦਿਸ਼ਾ-ਨਿਰਦੇਸ਼ਾਂ ਦੀ ਰੌਸ਼ਨੀ ਵਿੱਚ ਦਿੱਲੀ ਯੂਨੀਵਰਸਿਟੀ ਕੈਂਪਸ ਨੂੰ ਤੁਰੰਤ ਮੁੜ ਖੋਲ੍ਹਣ ਦੀ ਮੰਗ ਕਰਨ ਲਈ 7 ਫਰਵਰੀ ਨੂੰ ਵੀਸੀ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਦਾ ਸੱਦਾ ਦਿੱਤਾ। ਐਸਐਫਆਈ ਦਿੱਲੀ ਯੂਨੀਵਰਸਿਟੀ ਦੇ ਸਹਿ-ਕਨਵੀਨਰ ਅਭਿਸ਼ੇਕ ਕੁਮਾਰ ਨੇ ਕਿਹਾ ਕਿ ਪਹਿਲਾਂ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਗਈ ਸੀ, ਉਨ੍ਹਾਂ ਨੇ ਹਮੇਸ਼ਾ ਇਸ ਗੱਲ ‘ਤੇ ਜ਼ੋਰ ਦਿੱਤਾ ਸੀ ਕਿ ਡੀਡੀਐੱਮਏ ਦੇ ਦਿਸ਼ਾ-ਨਿਰਦੇਸ਼ਾਂ ਕਾਰਨ ਯੂਨੀਵਰਸਿਟੀਆਂ ਨੂੰ ਨਹੀਂ ਖੋਲ੍ਹਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਦਿੱਲੀ ਯੂਨੀਵਰਸਿਟੀ ਸੱਤ ਦਿਨਾਂ ਦੇ ਅੰਦਰ ਦੁਬਾਰਾ ਖੋਲ੍ਹਣ ਲਈ ਠੋਸ ਕਦਮ ਚੁੱਕੇਗੀ।
ਨਰਸਰੀ ਤੋਂ ਅੱਠਵੀਂ ਤੱਕ ਦੇ ਸਕੂਲ 14 ਫਰਵਰੀ ਤੋਂ ਖੁਲ੍ਹਣਗੇ
ਦਿੱਲੀ ਸਰਕਾਰ ਨੇ ਹੁਣ ਸਕੂਲ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ। ਦਿੱਲੀ ਦੇ ਉਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਸੂਬੇ ਵਿੱਚ ਨਰਸਰੀ ਤੋਂ ਅੱਠਵੀਂ ਤੱਕ ਦੇ ਸਕੂਲ ਸੋਮਵਾਰ 14 ਫਰਵਰੀ ਨੂੰ ਖੋਲ੍ਹ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਸੁਨਿਸ਼ਚਿਤ ਕੀਤਾ ਗਿਆ ਹੈ ਕਿ ਸਾਰੇ ਅਧਿਆਪਕਾਂ ਨੂੰ ਵੈਕਸੀਨ ਲੱਗੀ ਹੋਣੀ ਚਾਹੀਦੀ ਹੈ। ਇਸੇ ਤਰ੍ਹਾਂ 9ਵੀਂ ਜਮਾਤ ਤੋਂ 12ਵੀਂ ਜਮਾਤ ਤੱਕ ਦੇ ਸਕੂਲ 7 ਫਰਵਰੀ ਤੋਂ ਖੋਲ੍ਹਣ ਦੇ ਹੁਕਮ ਜਾਰੀ ਕੀਤੇ ਗਏ ਹਨ। ਉਪ- ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਟਵੀਟ ਕਰਕੇ ਲਿਖਿਆ, ‘100 ਫ਼ੀਸਦੀ ਸਮਰੱਥਾ ਵਾਲੇ ਸਾਰੇ ਦਫ਼ਤਰ ਖੋਲ੍ਹਣ ਦਾ ਫ਼ੈਸਲਾ ਕੀਤਾ ਗਿਆ ਹੈ।ਸਾਰੇ ਜਿੰਮ, ਸਪਾ ਅਤੇ ਸਵੀਮਿੰਗ ਪੂਲ ਖੋਲ੍ਹਣ ਦੀ ਮਨਜ਼ੂਰੀ ਹੋਵੇਗੀ। ਰੈਸਟੋਰੈਂਟ ਰਾਤ ਦੇ 11 ਵਜੇ ਤੱਕ ਖੁੱਲ੍ਹੇ ਰਹਿਣਗੇ। ਨਾਈਟ ਕਰਫਿਊ ਰਾਤ ਦੇ 11 ਵਜੇ ਤੋਂ ਸਵੇਰੇ 5 ਵਜੇ ਤੱਕ ਜਾਰੀ ਰਹੇਗਾ। ਦਿੱਲੀ ‘ਚ ਉੱਚ ਵਿਦਿਅਕ ਅਦਾਰੇ ਖੁੱਲ੍ਹਣਗੇ ਪਰ ਕਰੋਨਾ ਦੇ ਹਰ ਦਿਸ਼ਾ-ਨਿਰਦੇਸ਼ ਦਾ ਪਾਲਣ ਕਰਨਾ ਹੋਵੇਗਾ। ਇਸ ਦੇ ਨਾਲ ਹੀ ਸਕੂਲ ਲੜੀਵਾਰ ਤਰੀਕੇ ਨਾਲ ਖੁੱਲ੍ਹਣਗੇ। ਜਿਨ੍ਹਾਂ ਅਧਿਆਪਕਾਂ ਨੂੰ ਟੀਕਾ ਨਹੀਂ ਲੱਗਿਆ ਹੋਵੇਗਾ, ਉਹ ਸਕੂਲ ਚ ਦਾਖ਼ਲ ਨਹੀਂ ਹੋ ਸਕਦੇ।