ਪੱਤਰ ਪ੍ਰੇਰਕ
ਨਵੀਂ ਦਿੱਲੀ, 21 ਮਈ
ਦੱਖਣੀ ਦਿੱਲੀ ਸਥਿਤ ਦਿੱਲੀ ਯੂਨੀਵਰਸਿਟੀ ਦੇ ਸਾਊਥ ਕੈਂਪਸ ਕੋਲ ਅੰਡਰਪਾਸ ਤੇ ਸਕਾਈਵਾਕ ਬਣ ਕੇ ਤਿਆਰ ਹੈ ਅਤੇ ਇਸ ਮਹੀਨੇ ਸ਼ੁਰੂ ਹੋਣ ਦੀ ਉਮੀਦ ਹੈ। ਦੁਰਗਾਬਾਈ ਦੇਸ਼ਮੁਖ ਦੱਖਣੀ ਕੈਂਪਸ ਮੈਟਰੋ ਬੇਨੀਟੋ ਜੁਆਰੇਜ਼ ਸਕਾਈਵਾਕ ਤੇ ਅੰਡਰਪਾਸ ਇਸ ਮਹੀਨੇ ਆਮ ਲੋਕਾਂ ਲਈ ਖੋਲ੍ਹੇ ਜਾਣ ਦੀ ਸੰਭਾਵਨਾ ਹੈ। 2015 ਵਿੱਚ ਇਸ ਪ੍ਰਾਜੈਕਟ ’ਤੇ ਕੰਮ ਸ਼ੁਰੂ ਹੋਇਆ ਸੀ ਅਤੇ ਇਸ ਸਾਲ ਅਪਰੈਲ ਵਿੱਚ ਪੂਰਾ ਹੋਣਾ ਸੀ। ਪਹਿਲਾਂ ਸਮਾਂ ਸੀਮਾ ਮਾਰਚ ਮਹੀਨਾ ਸੀ। ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੇ ਭਰੋਸਾ ਦਿੱਤਾ ਹੈ ਕਿ ਇਹ ਕੰਮ ਇਸੇ ਮਹੀਨੇ ਮੁਕੰਮਲ ਕਰਕੇ ਟਰਾਇਲ ਲਈ ਖੋਲ੍ਹ ਦਿੱਤਾ ਜਾਵੇਗਾ। ਦਿੱਲੀ ਯੂਨੀਵਰਸਿਟੀ ਦੇ ਦੱਖਣੀ ਕੈਂਪਸ ਵਿੱਚ ਸਥਿਤ ਇਹ ਪ੍ਰਾਜੈਕਟ ਉਨ੍ਹਾਂ ਵਿਦਿਆਰਥੀਆਂ ਲਈ ਲਾਹੇਵੰਦ ਸਾਬਤ ਹੋਵੇਗਾ, ਜੋ ਆਪਣੇ ਕਾਲਜਾਂ ਤੇ ਰਿਹਾਇਸ਼ਾਂ ਲਈ ਪੈਦਲ ਜਾਂਦੇ ਹਨ। ਅੰਡਰਪਾਸ ਸਪਰਿੰਗਡੇਲਸ ਸਕੂਲ ਦੇ ਨੇੜੇ ਤੋਂ ਸ਼ੁਰੂ ਹੁੰਦਾ ਹੋਇਆ ਕਈ ਕਾਲਜਾਂ ਤੇ ਸੱਤਿਆ ਨਿਕੇਤਨ ਬਾਜ਼ਾਰ ਵਿੱਚੋਂ ਲੰਘਦਾ ਹੈ। ਇਹ ਫਿਰ ਦੁਰਗਾਬਾਈ ਦੇਸ਼ਮੁਖ ਸਕਾਈਵਾਕ ਬੇਨੀਟੋ ਜੁਆਰੇਜ਼ ਦੱਖਣੀ ਕੈਂਪਸ ਮੈਟਰੋ ਸਟੇਸ਼ਨ ’ਤੇ ਬਾਹਰੀ ਰਿੰਗ ਰੋਡ ਦੇ ਦੂਜੇ ਪਾਸੇ ਜਾਂਦਾ ਹੈ। ਅੰਦਾਜ਼ਾ ਹੈ ਕਿ 1.8 ਕਿਲੋਮੀਟਰ ਦਾ ਅੰਡਰਪਾਸ ਤੇ 670 ਮੀਟਰ ਦਾ ਸਕਾਈਵਾਕ ਰੋਜ਼ਾਨਾ ਦੋ ਲੱਖ ਤੋਂ ਵੱਧ ਯਾਤਰੀਆਂ ਲਈ ਲਾਹੇਵੰਦ ਸਾਬਤ ਹੋਵੇਗਾ। ਇਸ ਤੋਂ ਪਹਿਲਾਂ ਲੋਕ ਨਿਰਮਾਣ ਮੰਤਰੀ ਮਨੀਸ਼ ਸਿਸੋਦੀਆ ਨੇ ਕੇਂਦਰੀ ਤੇ ਨਵੀਂ ਦਿੱਲੀ ਵਿੱਚ ਸੜਕਾਂ ਦੇ ਵਿਕਾਸ ਨਾਲ ਸਬੰਧਤ ਹੋਰ ਕੰਮਾਂ ਦੇ ਨਾਲ-ਨਾਲ ਅੰਡਰਪਾਸ ਦੇ ਨਿਰਮਾਣ ਸਬੰਧੀ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ ਸੀ।