ਪੱਤਰ ਪ੍ਰੇਰਕ
ਨਵੀਂ ਦਿੱਲੀ, 25 ਸਤੰਬਰ
ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਵੀਰਵਾਰ ਦੀ ਰਾਤ ਬੇਕਾਬੂ ਕਲੱਸਟਰ ਬੱਸ ਨੇ ਤਿੰਨ ਰਾਹਗੀਰ ਦੀ ਜਾਨ ਲੈ ਲਈ। ਹਾਦਸੇ ਵਿੱਚ 12 ਸਾਲਾ ਨਾਬਾਲਗ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਰਾਤ 9.30 ਵਜੇ ਦਿੱਲੀ ਦੇ ਨੰਦ ਨਗਰੀ ਖੇਤਰ ਵਿੱਚ ਵਾਪਰਿਆ। ਬੱਸ ਡਰਾਈਵਰ ਨੂੰ ਨੇੜਲੇ ਲੋਕਾਂ ਨੇ ਫੜ ਲਿਆ ਤੇ ਪੁਲੀਸ ਹਵਾਲੇ ਕਰ ਦਿੱਤਾ।
ਕਲੱਸਟਰ ਬੱਸ ਮੰਡੋਲੀ ਫਲਾਈਓਵਰ ਤੋਂ ਭੋਪੁਰਾ ਵੱਲ ਜਾ ਰਹੀ ਸੀ। ਜਦੋਂ ਬੱਸ ਫਲਾਈਓਵਰ ਤੋਂ ਉਤਰ ਰਹੀ ਸੀ ਤਾਂ ਡਰਾਈਵਰ ਬੱਸ ’ਤੇ ਆਪਣਾ ਕੰਟਰੋਲ ਗੁਆ ਬੈਠਾ। ਬੇਕਾਬੂ ਬੱਸ ਤੇਜ਼ ਰਫਤਾਰ ਨਾਲ ਸਰਵਿਸ ਰੋਡ ਦੇ ਨਾਲ ਸੜਕ ਵੱਲ ਵਧ ਗਈ। ਸੜਕ ਕਿਨਾਰੇ ਖੜ੍ਹੇ ਕਈ ਵਿਅਕਤੀ ਬੱਸ ਦੀ ਲਪੇਟ ਵਿੱਚ ਆ ਕੇ ਜ਼ਖਮੀ ਹੋ ਗਏ। ਹਾਦਸੇ ਤੋਂ ਬਾਅਦ ਡਰਾਈਵਰ ਨੇ ਬੱਸ ਨੂੰ ਪਿੱਛੇ ਮੋੜ ਲਿਆ ਤੇ ਉਥੋਂ ਭੱਜਣ ਦੀ ਕੋਸ਼ਿਸ਼ ਕੀਤੀ।
ਇਸ ਕੋਸ਼ਿਸ਼ ਵਿਚ ਬੱਸ ਨੇ ਪਿੱਛੇ ਸਰਵਿਸ ਰੋਡ ’ਤੇ ਖੜ੍ਹੇ ਟਾਟਾ 407 ਨੂੰ ਟੱਕਰ ਮਾਰ ਦਿੱਤੀ। ਬੱਸ ਇੰਨੀ ਜ਼ਬਰਦਸਤ ਨਾਲ ਟਕਰਾ ਗਈ ਕਿ 407 ਸੜਕ ਦੇ ਦੂਸਰੇ ਪਾਸੇ ਚਲੇ ਗਿਆ। ਬੱਚਿਆਂ ਸਮੇਤ ਜ਼ਖਮੀ ਹਾਲਤ ਵਿੱਚ ਲੋਕਾਂ ਨੂੰ ਵੇਖਣ ਤੋਂ ਬਾਅਦ ਮੌਜੂਦ ਲੋਕ ਗੁੱਸੇ ਵਿੱਚ ਆ ਗਏ ਤੇ ਬੱਸ ’ਤੇ ਪੱਥਰ ਸੁੱਟਣੇ ਸ਼ੁਰੂ ਕਰ ਦਿੱਤੇ। ਲੋਕਾਂ ਨੇ ਬੱਸ ਦੇ ਸ਼ੀਸ਼ੇ ਤੋੜ ਦਿੱਤੇ। ਲੋਕਾਂ ਨੇ ਬੱਸ ਡਾਈਵਰ ਨੂੰ ਮੌਕੇ ਤੋਂ ਫੜ ਲਿਆ। ਫਿਰ ਦਿੱਲੀ ਪੁਲੀਸ ਹਵਾਲੇ ਕਰ ਦਿੱਤਾ। ਦਿੱਲੀ ਪੁਲੀਸ ਨੂੰ ਭੀੜ ਨੂੰ ਸੰਭਾਲਣ ਲਈ ਸਖ਼ਤ ਮਿਹਨਤ ਕਰਨੀ ਪਈ। ਪੁਲੀਸ ਨੇ ਕਾਫ਼ੀ ਚਿਰ ਮਗਰੋਂ ਭੜਕੇ ਲੋਕਾਂ ਨੂੰ ਸ਼ਾਂਤ ਕੀਤਾ। ਆਪਣੀ ਜਾਨ ਗਵਾਉਣ ਵਾਲੇ 12 ਸਾਲਾ ਨਾਬਾਲਗ ਦੀ ਪਛਾਣ ਕਰਨ ਵਜੋਂ ਹੋਈ। ਕਰਨ ਦੇ ਨਾਲ-ਨਾਲ 22 ਸਾਲਾ ਰਵਿੰਦਰ ਤੇ ਇਕ ਹੋਰ 40 ਸਾਲਾ ਵਿਅਕਤੀ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ ਤਿੰਨ ਵਿਅਕਤੀ ਜ਼ਖਮੀ ਹੋ ਗਏ।
ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ। ਜ਼ਖਮੀਆਂ ਵਿਚ ਕੰਚਨ, ਸੁਜੀਤ ਤੇ ਸੁਧੀਰ ਦੀ ਹਾਲਤ ਨਾਜ਼ੁਕ ਹੈ। ਹਰਸ਼ਾ ਵਿਹਾਰ ਥਾਣੇ ਦੀ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ।