ਪੱਤਰ ਪ੍ਰੇਰਕ
ਨਵੀਂ ਦਿੱਲੀ, 28 ਮਈ
ਆਮ ਆਦਮੀ ਪਾਰਟੀ ਦੇ ਵਿਧਾਇਕ ਸੌਰਭ ਭਾਰਦਵਾਜ ਨੇ ਤਿਆਗਰਾਜ ਸਟੇਡੀਅਮ ਵਿਵਾਦ ‘ਤੇ ਪ੍ਰਤੀਕਿਰਿਆ ਦਿੰਦਿਆਂ ਇਸ ਨੂੰ ਮੰਦਭਾਗੀ ਘਟਨਾ ਕਰਾਰ ਦਿੱਤਾ ਹੈ। ‘ਆਪ’ ਨੇਤਾ ਦਾ ਬਿਆਨ ਏਜੀਐੱਮਯੂਟੀ ਕੇਡਰ ਦੇ ਆਈਏਐੱਸ ਅਫ਼ਸਰਾਂ ਸੰਜੀਵ ਖੀਰਵਾਰ ਤੇ ਰਿੰਕੂ ਦੁੱਗਾ ਨੂੰ ਤਿਆਗਰਾਜ ਸਟੇਡੀਅਮ ਵਿੱਚ ਸਹੂਲਤਾਂ ਦੀ ਦੁਰਵਰਤੋਂ ਕਰਨ ਲਈ ਦਿੱਲੀ ਤੋਂ ਕ੍ਰਮਵਾਰ ਲੱਦਾਖ ਤੇ ਅਰੁਣਾਚਲ ਪ੍ਰਦੇਸ਼ ਵਿੱਚ ਤਬਦੀਲ ਕਰਨ ਮਗਰੋਂ ਸਾਹਮਣੇ ਆਇਆ। ਤਿਆਗਰਾਜ ਸਟੇਡੀਅਮ ਵਿਵਾਦ ‘ਤੇ ‘ਆਪ’ ਦੇ ਬੁਲਾਰੇ ਸੌਰਭ ਭਾਰਦਵਾਜ ਨੇ ਕਿਹਾ ਕਿ ਆਈਏਐੱਸ ਅਧਿਕਾਰੀ ਸਮਾਜ ਅਤੇ ਲੋਕਾਂ ਦੀ ਸੇਵਾ ਕਰਨ ਲਈ ਤਾਇਨਾਤ ਕੀਤੇ ਜਾਂਦੇ ਹਨ। ਜੋ ਉਹ ਦੋਵੇਂ ਕਰ ਰਹੇ ਸਨ ਉਹ ਬਹੁਤ ਸ਼ਰਮਨਾਕ ਸੀ। ‘ਆਪ’ ਵਿਧਾਇਕ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਹੈ ਤੇ ਹੁਣ ਤੋਂ ਦਿੱਲੀ ਦੇ ਸਟੇਡੀਅਮ ਰਾਤ 10 ਵਜੇ ਤੱਕ ਖੁੱਲ੍ਹੇ ਰਹਿਣਗੇ। ਸੌਰਭ ਭਾਰਦਵਾਜ ਨੇ ਕਿਹਾ, ‘ਇਹ ਘਟਨਾ ਬਹੁਤ ਮੰਦਭਾਗੀ ਅਤੇ ਸ਼ਰਮਨਾਕ ਹੈ। ਆਈਏਐੱਸ ਅਧਿਕਾਰੀ ਲੋਕਾਂ ਦੀ ਸੇਵਾ ਲਈ ਹਨ, ਜੋ ਉਹ ਦੋਵੇਂ ਕਰ ਰਹੇ ਸਨ ਉਹ ਬਹੁਤ ਹੀ ਸ਼ਰਮਨਾਕ ਸੀ। ਮੁੱਖ ਮੰਤਰੀ ਕੇਜਰੀਵਾਲ ਨੇ ਸਖ਼ਤ ਕਾਰਵਾਈ ਕਰ ਦਿੱਤੀ ਹੈ ਤੇ ਹੁਣ ਤੋਂ ਦਿੱਲੀ ਵਿੱਚ ਰਾਤ 10 ਵਜੇ ਤੱਕ ਸਟੇਡੀਅਮ ਖੁੱਲ੍ਹੇ ਰਹਿਣਗੇ।’’ ਪ੍ਰੈੱਸ ਕਾਨਫਰੰਸ ਦੌਰਾਨ ‘ਆਪ’ ਆਗੂਆਂ ਨੇ ਭਾਜਪਾ ਸਰਕਾਰ ‘ਤੇ ਵੰਸ਼ਵਾਦ ਦੀ ਰਾਜਨੀਤੀ ਨੂੰ ਲੈ ਕੇ ਵੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਵੀ ਵੰਸ਼ਵਾਦ ਦੀ ਰਾਜਨੀਤੀ ਦੀ ਗੱਲ ਆਉਂਦੀ ਹੈ ਤਾਂ ਭਾਜਪਾ ਸਰਕਾਰ ਪਿੱਛੇ ਨਹੀਂ ਹੈ।