ਪੱਤਰ ਪ੍ਰੇਰਕ
ਨਵੀਂ ਦਿੱਲੀ, 26 ਅਕਤੂਬਰ
ਉੱਤਰੀ ਦਿੱਲੀ ਦੇ ਸ਼ਾਸਤਰੀ ਨਗਰ ਇਲਾਕੇ ‘ਚ ਦੀਵਾਲੀ ਮੌਕੇ ਇੱਕ ਵਿਅਕਤੀ ‘ਤੇ ਕਥਿਤ ਤੌਰ ‘ਤੇ ਗੋਲੀ ਚਲਾਉਣ ਦੇ ਦੋਸ਼ ਵਿੱਚ ਪੁਲੀਸ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਡੇਰਾ ਵਾਲਨ ਨਗਰ ਦੇ ਰਹਿਣ ਵਾਲੇ ਅਭਿਸ਼ੇਕ ਖਰੀ (25) ਤੇ ਨਿਊ ਗੁਪਤਾ ਕਲੋਨੀ ਦੇ ਰਹਿਣ ਵਾਲੇ ਮਯੰਕ ਖਰਬੰਦਾ (26) ਵਜੋਂ ਹੋਈ ਹੈ।
ਜਾਣਕਾਰੀ ਮੁਤਾਬਿਕ ਸੋਮਵਾਰ ਨੂੰ ਸਰਾਏ ਰੋਹਿਲਾ ਥਾਣੇ ਦੇ ਅਧਿਕਾਰੀਆਂ ਨੂੰ ਸ਼ਾਸਤਰੀ ਨਗਰ ਦੇ ਜਲੇਬੀ ਚੌਕ ‘ਤੇ ਗੋਲੀਬਾਰੀ ਦੀ ਸੂਚਨਾ ਮਿਲੀ ਸੀ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪੁਲੀਸ ਮੌਕੇ ‘ਤੇ ਪਹੁੰਚੀ ਅਤੇ ਦੇਖਿਆ ਕਿ ਜ਼ਖਮੀ ਵਿਅਕਤੀ ਨੂੰ ਦੀਪ ਚੰਦ ਬੰਧੂ ਹਸਪਤਾਲ ‘ਚ ਭੇਜ ਦਿੱਤਾ ਗਿਆ ਹੈ। ਆਪਣੇ ਬਿਆਨ ਵਿੱਚ ਉਮੇਸ਼ ਨੇ ਕਿਹਾ ਕਿ ਜਦੋਂ ਉਹ ਜਲੇਬੀ ਚੌਕ ਵੱਲ ਜਾ ਰਿਹਾ ਸੀ ਤਾਂ ਉਹ ਇੱਕ ਟ੍ਰੈਫਿਕ ਜਾਮ ਵਿੱਚ ਫਸ ਗਿਆ ਅਤੇ ਇੱਕ ਕਾਰ ਦੇ ਡਰਾਈਵਰ ਨੂੰ ਪਿਸਤੌਲ ਲਹਿਰਾਉਂਦੇ ਹੋਏ ਦੇਖਿਆ।
ਇਸ ਸਬੰਧੀ ਪੁਲੀਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦੋਂ ਉਸ ਨੇ ਡਰਾਈਵਰ ਨੂੰ ਪਿਸਤੌਲ ਕਾਰ ਦੇ ਅੰਦਰ ਰੱਖਣ ਲਈ ਕਿਹਾ ਤਾਂ ਮੁਲਜ਼ਮ ਨੇ ਗੋਲੀ ਚਲਾ ਦਿੱਤੀ ਜੋ ਉਸ ਦੀ ਲੱਤ ਵਿੱਚ ਲੱਗੀ। ਪੁਲੀਸ ਨੇ ਸੀਸੀਟੀਵੀ ਫੁਟੇਜ ਤੋਂ ਕਾਰ ਦੀ ਪਛਾਣ ਕੀਤੀ ਹੈ। ਉਨ੍ਹਾਂ ਨੇ ਗ੍ਰਿਫਤਾਰ ਕਰ ਕੇ ਗੱਡੀ ਜ਼ਬਤ ਕਰ ਲਈ। ਡਿਪਟੀ ਕਮਿਸ਼ਨਰ ਆਫ਼ ਪੁਲੀਸ (ਉੱਤਰੀ) ਸਾਗਰ ਸਿੰਘ ਕਲਸੀ ਨੇ ਦੱਸਿਆ ਕਿ ਖਰਬੰਦਾ ਤੋਂ ਪਿਸਤੌਲ ਬਰਾਮਦ ਕੀਤਾ ਗਿਆ ਤੇ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।