ਪੱਤਰ ਪ੍ਰੇਰਕ
ਨਵੀਂ ਦਿੱਲੀ, 18 ਜੁਲਾਈ
ਦਿੱਲੀ ਟੈਕਨਾਲੋਜੀਕਲ ਯੂਨੀਵਰਸਿਟੀ (ਡੀਟੀਯੂ) ਵੱਲੋਂ ਵਿਦਿਆਰਥੀਆਂ ਲਈ ਆਪਣੇ ਕੈਂਪਸ ਵਿੱਚ ਦੋ ਨਵੇਂ ਹੋਸਟਲ ਤਿਆਰ ਕੀਤੇ ਗਏ ਹਨ। ਲੜਕਿਆਂ ਦੇ ਹੋਸਟਲ ਦਾ ਨਾਂ ਮਰਹੂਮ ਸਾਬਕਾ ਰਾਸ਼ਟਰਪਤੀ ਡਾ. ਏਪੀਜੇ ਅਬਦੁਲ ਕਲਾਮ ਹੋਸਟਲ ਤੇ ਲੜਕੀਆਂ ਲਈ ਹੋਸਟਲ ਦਾ ਨਾਂ ਵੀਰਾਂਗਣਾ ਲਕਸ਼ਮੀਬਾਈ ਹੋਸਟਲ ਰੱਖਿਆ ਗਿਆ ਹੈ। ਇਥੇ ਵਿਦਿਆਰਥੀਆਂ ਨੂੰ ਆਧੁਨਿਕ ਸਹੂਲਤਾਂ ਮਿਲਣਗੀਆਂ। ਨਵੇਂ ਹੋਸਟਲਾਂ ਵਿੱਚ ਸੁਰੱਖਿਆ ਦੇ ਪੁਖਤਾ ਬੰਦੋਬਸਤ ਕੀਤੇ ਗਏ ਹਨ। ਇਸ 12 ਮੰਜ਼ਿਲਾ ਇਮਾਰਤ ਨੂੰ ਹਰ ਪੱਖੋਂ ਮੌਜੂਦਾ ਲੋੜਾਂ ਮੁਤਾਬਕ ਬਣਾਇਆ ਗਿਆ ਹੈ। ਇੱਥੇ ਦੂਰੋਂ ਆਉਣ ਵਾਲੇ ਵਿਦਿਆਰਥੀਆਂ ਲਈ ਦਿੱਲੀ ਵਿੱਚ ਮਹਿੰਗੇ ਕਮਰੇ ਲੈਣੇ ਬਹੁਤ ਔਖਾ ਹੋ ਜਾਂਦਾ ਹੈ ਤੇ ਇਹ ਹੋਸਟਲ ਕਮਰਿਆਂ ਦੀ ਘਾਟ ਪੂਰੀ ਕਰਨਗੇ।
ਦਿੱਲੀ ਦੇ ਉਪ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ 20 ਜੁਲਾਈ ਨੂੰ ਡੀਟੀਯੂ ਵਿੱਚ ਨਵੇਂ ਬਣੇ ਹੋਸਟਲਾਂ ਦਾ ਉਦਘਾਟਨ ਕਰਨਗੇ। ਇਸ ਮੌਕੇ ਦਿੱਲੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਯੋਗੇਸ਼ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਣਗੇ ਅਤੇ ਡੀਟੀਯੂ ਦੇ ਵਾਈਸ ਚਾਂਸਲਰ ਪ੍ਰੋ. ਜੈ ਪ੍ਰਕਾਸ਼ ਸੈਣੀ ਸਮਾਗਮ ਦੀ ਪ੍ਰਧਾਨਗੀ ਕਰਨਗੇ। ਇਸ ਤੋਂ ਬਾਅਦ ਡੀਟੀਯੂ ਦੇ ਬੀਆਰ ਅੰਬੇਡਕਰ ਆਡੀਟੋਰੀਅਮ ਵਿੱਚ ਵਿਸ਼ੇਸ਼ ਸਮਾਗਮ ਕਰਵਾਇਆ ਜਾਵੇਗਾ। ਸਮਾਗਮ ਦੌਰਾਨ ਡੀਟੀਯੂ ਵਿੱਚ ਇਨ੍ਹਾਂ ਨਵੇਂ ਹੋਸਟਲਾਂ ਦੀ ਉਸਾਰੀ ਦੇ ਸਫ਼ਰ ਬਾਰੇ ਇੱਕ ਛੋਟੀ ਜਿਹੀ ਵੀਡੀਓ ਵੀ ਦਿਖਾਈ ਜਾਵੇਗੀ।