ਪੱਤਰ ਪ੍ਰੇਰਕ
ਨਵੀਂ ਦਿੱਲੀ, 10 ਮਈ
ਦਿੱਲੀ ਦੀਆਂ ਸੜਕਾਂ ਨੂੰ ਭੀੜ-ਭੜੱਕੇ ਤੋਂ ਮੁਕਤ ਕਰਵਾਉਣ ਲਈ ਆਪਣੀਆਂ ਕੋਸ਼ਿਸ਼ਾਂ ਨੂੰ ਜਾਰੀ ਰੱਖਦਿਆਂ ਕੇਜਰੀਵਾਲ ਸਰਕਾਰ ਨੇ 724.36 ਕਰੋੜ ਰੁਪਏ ਦੇ ਦੋ ਪ੍ਰਾਜੈਕਟਾਂ ਨੂੰ ਮਨਜ਼ੂਰੀ ਦਿੱਤੀ ਹੈ ਜਿਸ ਵਿੱਚ 352.32 ਕਰੋੜ ਰੁਪਏ ਨਾਲ ਪੰਜਾਬੀ ਬਾਗ਼ ਫਲਾਈਓਵਰ ਤੇ ਰਾਜਾ ਗਾਰਡਨ ਫਲਾਈਓਵਰ ਵਿਚਕਾਰ ਗਲਿਆਰਾ ਵਿਕਾਸ ਤੇ ਸਟ੍ਰੀਟ ਨੈੱਟਵਰਕ ਕਨੈਕਟੀਵਿਟੀ ਪ੍ਰਾਜੈਕਟ ਅਤੇ 372.04 ਕਰੋੜ ਰੁਪਏ ਦੀ ਲਾਗਤ ਨਾਲ ਆਨੰਦ ਵਿਹਾਰ ਤੋਂ ਅਪਸਰਾ ਹੱਦ ਤੱਕ ਫਲਾਈਓਵਰ ਸ਼ਾਮਲ ਹੈ। ਇਹ ਫੈਸਲੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਪ੍ਰਧਾਨਗੀ ਹੇਠ ਹੋਈ ਖਰਚਾ ਵਿੱਤ ਕਮੇਟੀ ਦੀ ਮੀਟਿੰਗ ਵਿੱਚ ਲਏ ਗਏ। ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਇਹ ਪ੍ਰਾਜੈਕਟ ਇਨ੍ਹਾਂ ਥਾਵਾਂ ’ਤੇ ਟਰੈਫਿਕ ਦੀ ਸਮੱਸਿਆ ਨੂੰ ਦੂਰ ਕਰਨ ਤੇ ਮੌਜੂਦਾ ਸੜਕ ਦੀ ਸਮਰੱਥਾ ਨੂੰ ਵਧਾਉਣ ਲਈ ਬਹੁਤ ਸਹਾਈ ਸਿੱਧ ਹੋਣਗੇ।