ਪੱਤਰ ਪ੍ਰੇਰਕ
ਨਵੀਂ ਦਿੱਲੀ, 3 ਜਨਵਰੀ
ਦਿੱਲੀ ਯੂਨੀਵਰਸਿਟੀ (ਡੀਯੂ) ਨੂੰ ਮੁੜ ਖੋਲ੍ਹਣ ਦੀ ਮੰਗ ਨੂੰ ਲੈ ਕੇ ਵਿਦਿਆਰਥੀਆਂ ਨੇ ‘ਡੀਯੂ’ ਦੀ ਆਰਟ ਫੈਕਲਟੀ ਕੋਲ ਰੋਸ ਪ੍ਰਦਰਸ਼ਨਾਂ ਦੇ 2 ਮਹੀਨੇ ਪੂਰੇ ਹੋਣ ’ਤੇ ਧਰਨਾ ਦਿੱਤਾ ਗਿਆ। ਡੀਯੂ ਪ੍ਰਸ਼ਾਸਨ ਦੀ ਇਸ ਮੰਗ ਵੱਲ ਗੌਰ ਨਾ ਕਰਨ ਦੀ ਨਿੰਦਾ ਕੀਤੀ ਗਈ। ਧਰਨੇ ਵਿੱਚ ‘ਆਇਸਾ’, ਕ੍ਰਾਂਤੀਕਾਰੀ ਯੂਵਾ ਸੰਗਠਨ’, ਐੱਸਐੱਫਆਈ’ ਤੇ ਹੋਰ ਵਿਦਿਆਰਥੀ ਜਥੇਬੰਦੀਆਂ ਦੇ ਕਾਰਕੁਨ ਸ਼ਾਮਲ ਹੋਏ। ਵਿਦਿਆਰਥੀ ਆਗੂਆਂ ਨੇ ਕਿਹਾ ਕਿ ਡੀਯੂ ਵਿੱਚ ਕੈਂਪਸ ਖੋਲ੍ਹਣ ਲਈ ਚੱਲ ਰਹੇ ਧਰਨੇ ਨੂੰ ਦੋ ਮਹੀਨੇ ਪੂਰੇ ਹੋ ਗਏ ਹਨ। ਡਿਜੀਟਲ ਵੰਡ ਨਾਲ ਜੂਝ ਰਹੇ ਵਿਦਿਆਰਥੀਆਂ ਦੀ ਦੁਰਦਸ਼ਾ ਪ੍ਰਤੀ ਡੀਯੂ ਪ੍ਰਸ਼ਾਸਨ ਦੀ ਉਦਾਸੀਨਤਾ ਅਤੇ ਇਸ ਦੁਆਰਾ ਦਿੱਤੇ ਗਏ ਝੂਠੇ ਭਰੋਸੇ ਦੇ ਖ਼ਿਲਾਫ਼ ਧਰਨਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਆਨਲਾਈਨ ਸਿੱਖਿਆ ਅਸਮਾਨਤਾ ਨੂੰ ਵਧਾਵਾ ਦਿੰਦੀ ਹੈ ਤੇ ਵਾਂਝੇ ਪਿਛੋਕੜ ਵਾਲੇ ਅਤੇ ਹਾਸ਼ੀਏ ’ਤੇ ਰਹਿ ਰਹੇ ਭਾਈਚਾਰਿਆਂ ਦੇ ਵਿਦਿਆਰਥੀਆਂ ਦੀ ਸਿੱਖਿਆ ’ਤੇ ਗੰਭੀਰ ਪ੍ਰਭਾਵ ਪਾਉਂਦੀ ਹੈ। ਉਨ੍ਹਾਂ ਮੁਤਾਬਕ ਸਿੱਖਿਆ ’ਤੇ 2017-18 ਰਾਸ਼ਟਰੀ ਨਮੂਨਾ ਸਰਵੇਖਣ ਰਿਪੋਰਟ ਦੇ ਅਨੁਸਾਰ, ਸਿਰਫ 24% ਭਾਰਤੀ ਪਰਿਵਾਰਾਂ ਕੋਲ ਇੰਟਰਨੈਟ ਦੀ ਪਹੁੰਚ ਹੈ। ਜਦੋਂ ਕਿ ਭਾਰਤ ਦੀ 66% ਆਬਾਦੀ ਪਿੰਡਾਂ ਵਿੱਚ ਰਹਿੰਦੀ ਹੈ, ਸਿਰਫ 15% ਪੇਂਡੂ ਪਰਿਵਾਰਾਂ ਕੋਲ ਇੰਟਰਨੈੱਟ ਸੇਵਾਵਾਂ ਤੱਕ ਪਹੁੰਚ ਹੈ। ਸਭ ਤੋਂ ਗਰੀਬ 20% ਪਰਿਵਾਰਾਂ ਵਿੱਚ, ਸਿਰਫ 2.7% ਕੋਲ ਕੰਪਿਊਟਰ ਹੈ ਅਤੇ 8.9% ਕੋਲ ਇੰਟਰਨੈੱਟ ਸਹੂਲਤਾਂ ਹਨ। ਆਗੂਆਂ ਨੇ ਕਿਹਾ ਕਿ ਅਜਿਹੀ ਸਥਿਤੀ ਵਿੱਚ ਮਜ਼ਦੂਰ ਜਮਾਤ ਦੇ ਵਿਦਿਆਰਥੀਆਂ ਨੂੰ ਰਸਮੀ ਸਿੱਖਿਆ ਦੇ ਦਾਇਰੇ ਤੋਂ ਬਾਹਰ ਧੱਕ ਦਿੱਤਾ, ਸਰਕਾਰ ਨੇ ਇਸ ਸਮੇਂ ਨੂੰ ਜਨਤਕ ਸਿੱਖਿਆ ਸੰਸਥਾਵਾਂ ’ਤੇ ਰਾਸ਼ਟਰੀ ਸਿੱਖਿਆ ਨੀਤੀ (ਐਨਈਪੀ) 2020 ਵਰਗੀਆਂ ਲੋਕ ਵਿਰੋਧੀ ਨੀਤੀਆਂ ਨੂੰ ਲਾਗੂ ਕਰਨ ਲਈ ਵਰਤਿਆ ਹੈ।