ਨਵੀਂ ਦਿੱਲੀ, 27 ਮਾਰਚ
ਪੁਲੀਸ ਨੇ ਹਿਮਾਚਲ ਪ੍ਰਦੇਸ਼ ਦੇ ਮਲਾਨਾ ਤੋਂ ‘ਮਲਾਨਾ ਕਰੀਮ’ ਦੀ ਤਸਕਰੀ ਕਰਨ ਅਤੇ ਇਸ ਨੂੰ ਦਿੱਲੀ-ਐਨਸੀਆਰ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਵੇਚਣ ਦੇ ਦੋਸ਼ ਹੇਠ ਇੱਕ ਸਾਬਕਾ ਪਹਿਲਵਾਨ ਤੇ ਉਸ ਦੇ ਸਾਥੀ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਪਹਿਲਵਾਨ ਦੀ ਪਛਾਣ ਸਿਵਲ ਲਾਈਨਜ਼ ਦੇ ਰਹਿਣ ਵਾਲੇ ਹਨੂਮੰਤੇ (30) ਵਜੋਂ ਹੋਈ ਹੈ, ਜਦੋਂ ਕਿ ਉਸ ਦੇ ਸਾਥੀ ਦੀ ਪਛਾਣ ਜਾਮੀਆ ਨਗਰ ਦੇ ਰਹਿਣ ਵਾਲੇ ਅਦਨਾਨ ਅਹਿਮਦ (32) ਵਜੋਂ ਹੋਈ ਹੈ। ਪੁਲੀਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 350 ਗ੍ਰਾਮ ਚਰਸ ਵੀ ਬਰਾਮਦ ਕੀਤੀ ਹੈ, ਜਿਸ ਦੀ ਕੀਮਤ 10 ਲੱਖ ਰੁਪਏ ਤੋਂ ਵੱਧ ਹੈ।
ਵਧੀਕ ਪੁਲੀਸ ਕਮਿਸ਼ਨਰ (ਅਪਰਾਧ ਸ਼ਾਖਾ) ਸੰਜੈ ਭਾਟੀਆ ਨੇ ਦੱਸਿਆ ਕਿ ਹਾਲ ਹੀ ਵਿੱਚ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਨਸ਼ੀਲੇ ਪਦਾਰਥਾਂ ਦੇ ਤਸਕਰ ਹਿਮਾਚਲ ਪ੍ਰਦੇਸ਼ ਦੇ ਮਲਾਨਾ ਅਤੇ ਕੁੱਲੂ ਤੋਂ ‘ਚਰਸ’ ਲਿਆ ਰਹੇ ਹਨ ਅਤੇ ਇਸ ਨੂੰ ਦਿੱਲੀ-ਐਨਸੀਆਰ ਦੇ ਵੱਖ-ਵੱਖ ਹਿੱਸਿਆਂ ਤੇ ਹੋਰ ਹਿੱਸਿਆਂ ਵਿੱਚ ਵੇਚਣਗੇ। ਭਾਟੀਆ ਨੇ ਦੱਸਿਆ, ‘‘ਇਸੇ ਸੂਚਨਾ ਦੇ ਆਧਾਰ ’ਤੇ ਪੁਲੀਸ ਟੀਮ ਨੇ ਵਜ਼ੀਰਾਬਾਦ ਫਲਾਈਓਵਰ ਦੇ ਨੇੜੇ ਨਾਕਾ ਲਾਇਆ ਅਤੇ ਸ਼ੱਕ ਦੇ ਆਧਾਰ ’ਤੇ ਮਰਸਡੀਜ਼ ਕਾਰ ਵਿੱਚ ਸਫ਼ਰ ਕਰ ਰਹੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਸਿਆ। ਬਾਅਦ ਵਿੱਚ ਇਨ੍ਹਾਂ ਦੀ ਪਛਾਣ ਹਨੂਮੰਤੇ ਅਤੇ ਅਦਨਾਨ ਅਹਿਮਦ ਵਜੋਂ ਹੋਈ।’’ ਪੁੱਛ-ਪੜਤਾਲ ਦੌਰਾਨ, ਉਨ੍ਹਾਂ ਖੁਲਾਸਾ ਕੀਤਾ ਕਿ ਉਹ ਕੁੱਲੂ ਜ਼ਿਲ੍ਹੇ ਦੇ ਮਲਾਨਾ ਤੋਂ ਚਰਸ ਲਿਆਏ ਹਨ। ਹਨੂਮੰਤੇ ਨੇ ਪੁਲੀਸ ਨੂੰ ਦੱਸਿਆ ਕਿ ਉਹ ਜੂਨੀਅਰ ਪੱਧਰ ’ਤੇ ਕੌਮਾਂਤਰੀ ਕੁਸ਼ਤੀ ਮੁਕਾਬਲਿਆਂ ’ਚ ਹਿੱਸਾ ਲੈਂਦਾ ਰਿਹਾ ਹੈ। ਇਸ ਤੋਂ ਬਾਅਦ ਉਹ ਬੁਰੀ ਸੰਗਤ ਵਿਚ ਪੈ ਗਿਆ ਅਤੇ ਨਸ਼ੇ ਕਰਨ ਲੱਗ ਪਿਆ। -ਆਈਏਐੱਨਐੱਸ