ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 13 ਸਤੰਬਰ
ਉੱਤਰੀ ਦਿੱਲੀ ਦੇ ਮਲਕਾਗੰਜ ਵਿੱਚ ਸਬਜ਼ੀ ਮੰਡੀ ਨੇੜੇ ਸੋਮਵਾਰ ਸਵੇਰੇ ਇੱਕ ਚਾਰ ਮੰਜ਼ਿਲਾ ਇਮਾਰਤ ਢਹਿ ਗਈ। ਇਸ ਕਾਰਨ ਦੋ ਬੱਚੇ ਮਲਬੇ ਹੇਠ ਦਬ ਗਏ ਜਿਨ੍ਹਾਂ ਨੂੰ ਮਲਬੇ ਵਿਚੋਂ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ ਪਰ ਬਾੜਾ ਹਿੰਦੂ ਰਾਓ ਹਸਪਤਾਲ ਵਿੱਚ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਮੌਕੇ ਇਕ ਵਿਅਕਤੀ ਜ਼ਖਮੀ ਹੋ ਗਿਆ ਜਿਸ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।
ਪੁਲੀਸ ਅਤੇ ਅੱਗ ਬੁਝਾਊ ਮਹਿਕਮੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਨੇੜੇ ਖੜ੍ਹੀ ਇੱਕ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਕਿਉਂਕਿ ਇਮਾਰਤ ਦਾ ਮਲਬਾ ਇਸ ’ਤੇ ਡਿੱਗ ਗਿਆ। ਦਿੱਲੀ ਫਾਇਰ ਸਰਵਿਸਿਜ਼ (ਡੀਐਫਐਸ) ਦੇ ਮੁਖੀ ਅਤੁਲ ਗਰਗ ਨੇ ਦੱਸਿਆ ਕਿ ਮਲਕਾਗੰਜ ਵਿੱਚ ਇੱਕ ਇਮਾਰਤ ਡਿੱਗਣ ਬਾਰੇ ਫਾਇਰ ਕੰਟਰੋਲ ਰੂਮ ਨੂੰ ਸਵੇਰੇ 11.50 ਵਜੇ ਫੋਨ ਆਇਆ। ਸ਼ੁਰੂਆਤੀ ਤੌਰ ‘ਤੇ ਪੰਜ ਫਾਇਰ ਟੈਂਡਰ ਤੇ ਬਚਾਅ ਟੀਮਾਂ ਨੂੰ ਮੌਕੇ ‘ਤੇ ਭੇਜਿਆ ਗਿਆ ਸੀ। ਬਾਅਦ ਵਿੱਚ ਦੋ ਹੋਰ ਫਾਇਰ ਟੈਂਡਰ ਭੇਜੇ ਗਏ। ਡਿਪਟੀ ਪੁਲੀਸ ਕਮਿਸ਼ਨਰ (ਉੱਤਰੀ) ਐਂਟੋ ਅਲਫੋਂਸ ਨੇ ਕਿਹਾ ਕਿ ਬਚਾਅ ਕਾਰਜ ਅਜੇ ਵੀ ਜਾਰੀ ਹੈ ਤੇ ਸਥਾਨਕ ਪੁਲੀਸ ਅਧਿਕਾਰੀ ਬਚਾਅ ਕਾਰਜਾਂ ਦੀ ਨਿਗਰਾਨੀ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਪੁਰਾਣੀ ਦਿੱਲੀ ਵਿੱਚ ਕਈ ਇਮਾਰਤਾਂ ਜ਼ਰ-ਜ਼ਰ ਹਾਲਤ ਵਿੱਚ ਹਨ ਤੇ ਬੀਤੇ ਦਿਨਾਂ ਤੋਂ ਦਿੱਲੀ ਵਿੱਚ ਪੈ ਰਹੇ ਰਿਕਾਰਡ ਤੋੜ ਮੀਂਹ ਨਾਲ ਅਜਿਹੀਆਂ ਇਮਾਰਤਾਂ ਕਮਜ਼ੋਰ ਹੋ ਜਾਂਦੀਆਂ ਹਨ। ਪੁਰਾਣੀ ਦਿੱਲੀ ਵਿੱਚ ਬਹੁਤ ਸਾਰੀਆਂ ਇਮਾਰਤਾਂ ਸੌ ਸਾਲ ਤੋਂ ਹੀ ਪੁਰਾਣੀਆਂ ਹਨ। ਇੱਥੇ ਜੋ ਇਮਾਰਤਾਂ ਪੁਰਾਣੇ ਕਿਰਾਏਦਾਰਾਂ ਕੋਲ ਹਨ, ਮਕਾਨ ਮਾਲਕ ਉਨ੍ਹਾਂ ਦੀ ਮੁਰੰਮਤ ਨਹੀਂ ਕਰਵਾਉਂਦੇ ਕਿਉਂਕਿ ਇਨ੍ਹਾਂ ਇਮਾਰਤਾਂ ਦਾ ਕਿਰਾਇਆ ਮਸਾਂ 100-200 ਰੁਪਏ ਵਸੂਲਦੇ ਹਨ ਤੇ ਮੁਰੰਮਤ ਦਾ ਖਰਚਾ ਲੱਖਾਂ ਵਿੱਚ ਹੁੰਦਾ ਹੈ।
ਲੈਂਟਰ ਦੇ ਮਲਬੇ ਹੇਠ ਦੱਬਣ ਕਾਰਨ ਇਕ ਮੌਤ, ਇਕ ਜ਼ਖਮੀ
ਟੋਹਾਣਾ, (ਪੱਤਰ ਪ੍ਰੇਰਕ): ਇਥੋਂ ਦੇ ਪਿੰਡ ਤਲਵਾੜਾ ਵਿੱਚ ਨੀਵੇਂ ਪਏ ਮਕਾਨ ਦੇ ਇਕ ਹਿੱਸੇ ਦੇ ਲੈਂਟਰ ਨੂੰ ਚੁੱਕਦੇ ਸਮੇਂ ਲੈਂਟਰ ਡਿੱਗ ਗਿਆ ਜਿਸ ਦੇ ਮਲਬੇ ਹੇਠ ਬਾਪ-ਬੇਟਾ ਤੇ ਦੋ ਮਜ਼ਦੂਰ ਦੱਬ ਗਏ। ਪਿੰਡ ਵਾਲਿਆਂ ਨੇ ਚਾਰਾਂ ਨੂੰ ਬਾਹਰ ਕੱਢਿਆ ਜਿਸ ਵਿੱਚ ਕਿਸਾਨ ਹਰਦੇਵ ਸਿੰਘ ਉਰਫ਼ ਮਿੱਠੂ ਸਿੰਘ ਦੀ ਮੌਤ ਹੋ ਗਈ ਜਦੋਂ ਕਿ ਉਸ ਦੇ ਬੇਟੇ ਗੁਰਵਿੰਦਰ ਸਿੰਘ ਨੂੰ ਗੰਭੀਰ ਹਾਲਤ ਵਿੱਚ ਹਿਸਾਰ ਦੇ ਨਿਜੀ ਹਸਪਤਾਲ ਵਿੱਚ ਰੈਫਰ ਕੀਤਾ ਗਿਆ ਹੈ। ਇਸ ਦੌਰਾਨ ਦੋ ਮਜ਼ਦੂਰਾਂ ਨੂੰ ਮਾਮੂਲੀ ਸੱਟਾਂ ਆਈਆਂ ਜਿਨ੍ਹਾਂ ਦਾ ਇਲਾਜ ਚਲ ਰਿਹਾ ਹੈ। ਜਾਣਕਾਰੀ ਮੁਤਾਬਿਕ ਪੰਜਾਬ ਸੂਬੇ ਨਾਲ ਸਬੰਧਿਤ ਇਕ ਠੇਕੇਦਾਰ ਨੂੰ ਮਕਾਨ ਚੁੱਕਣ ਦਾ ਠੇਕਾ ਦਿੱਤਾ ਗਿਆ ਸੀ ਤੇ ਪੰਜ ਦਿਨ ਪਹਿਲਾਂ ਠੇਕੇਦਾਰ ਨੇ ਕੰਮ ਆਰੰਭਿਆ ਸੀ। ਅੱਜ ਕਰੀਬ ਗਿਆਰਾਂ ਵਜੇ ਲੈਂਟਰ ਚੁੱਕਦੇ ਸਮੇਂ ਡਿੱਗ ਗਿਆ, ਇਸ ਦੌਰਾਨ ਦੋ ਜਣਿਆਂ ਨੂੰ ਬਚਾਅ ਲਿਆ ਗਿਆ। ਕਿਸਾਨ ਹਰਦੇਵ ਸਿੰਘ ਉਰਫ਼ ਮਿੱਠੂ ਸਿੰਘ ਕਿਸਾਨ ਸੰਘਰਸ਼ ਸਮਿਤੀ ਨਾਲ ਜੁੜਿਆ ਸਰਗਰਮ ਮੈਂਬਰ ਸੀ ਤੇ ਕਿਸਾਨ ਅੰਦੋਲਨ ਵਿੱਚ ਚੰਗੀ ਭੂਮਿਕਾ ਨਿਭਾ ਰਿਹਾ ਸੀ। ਹਾਦਸੇ ਦੀ ਖ਼ਬਰ ਮਿਲਦੇ ਹੀ ਕਿਸਾਨ ਜੱਥੇਬੰਦੀਆਂ ਮਦਦ ਲਈ ਪੁੱਜ ਗਈਆਂ। ਸ਼ਾਮ ਵੇਲੇ ਮ੍ਰਿਤਕ ਕਿਸਾਨ ਮਿੱਠੂ ਸਿੰਘ ਦਾ ਸਸਕਾਰ ਤਲਵਾੜਾ ਦੇ ਸਵਰਗ ਆਸ਼ਰਮ ਵਿੱਚ ਕੀਤਾ ਗਿਆ।