ਪੱਤਰ ਪ੍ਰੇਰਕ
ਨਵੀਂ ਦਿੱਲੀ, 9 ਅਪਰੈਲ
ਦਿੱਲੀ ਪੁਲੀਸ ਵੱਲੋਂ ਦਿੱਲੀ ਸਥਿਤ ਇਤਾਲਵੀ ਦੂਤਾਵਾਸ ਵਿੱਚ ਕੌਂਸਲਰ ਵੱਜੋਂ ਕੰਮ ਕਰਨ ਵਾਲੀ 54 ਸਾਲਾਂ ਦੀ ਇੱਕ ਔਰਤ ਨੂੰ ਕਥਿਤ ਲੁੱਟਣ ਦੇ ਦੋਸ਼ ਹੇਠ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਦੀ ਪਛਾਣ ਨਰਿੰਦਰ ਉਰਫ਼ ਕਾਕੀ (26 ਸਾਲ) ਤੇ ਆਸ਼ੀਸ਼ ਬਰਵਾ (28 ਸਾਲ) ਵੱਜੋਂ ਹੋਈ ਹੈ ਜੋ ਆਸ਼ਰਮ ਨਵੀਂ ਦਿੱਲੀ ਦੇ ਇਲਾਕੇ ਵਿੱਚ ਰਹਿੰਦੇ ਹਨ।ਅਧਿਕਾਰੀ ਮੁਤਾਬਕ ਇਹ ਘਟਨਾ 30 ਮਾਰਚ ਨੂੰ ਸ਼ਾਮ 7 ਵਜੇ ਦੇ ਕਰੀਬ ਵਾਪਰੀ ਜਦੋਂ ਕੌਂਸਲਰ ਚਾਣਕਿਆਪੁਰੀ ਆਪਣੇ ਦਫਤਰ ਤੋਂ ਘਰ ਪਰਤੀ।
ਪੁਲੀਸ ਡਿਪਟੀ ਕਮਿਸ਼ਨਰ (ਦੱਖਣੀ) ਬੇਨੀਤਾ ਮੈਰੀ ਜੈਕਰ ਨੇ ਕਿਹਾ ਕਿ ਜਦੋਂ ਸ਼ਿਕਾਇਤਕਰਤਾ ਇੱਕ ਆਟੋਰਿਕਸ਼ਾ ਵਿੱਚ ਬੈਠੀ ਸੀ ਤੇ ਬਾਰਾਪੁਲਾ ਦੇ ਸੁਚਨਾ ਭਵਨ ਨੇੜੇ ਪਹੁੰਚੀ ਤਾਂ ਉਸਨੇ ਦੇਖਿਆ ਕਿ ਉੱਥੇ ਤਿੰਨ-ਚਾਰ ਲੜਕੇ ਖੜ੍ਹੇ ਸਨ ਤੇ ਇੱਕ ਲੜਕੇ ਨੇ ਆਟੋ ਰਿਕਸ਼ਾ ਦੇ ਕੋਲ ਆ ਕੇ ਉਸਦਾ ਹੈਂਡਬੈਗ ਖੋਹ ਲਿਆ, ਜਿਸ ਵਿੱਚ ਇੱਕ ਮੋਬਾਈਲ ਫ਼ੋਨ, ਆਧਾਰ ਕਾਰਡ, ਪੈਨ ਕਾਰਡ, ਸਰਵਿਸ ਆਈ.ਡੀ. ਕਾਰਡ, 2 ਡੈਬਿਟ ਕਾਰਡ, ਇੱਕ ਜੋੜਾ ਸੋਨੇ ਦੀ ਕੰਨ-ਰਿੰਗ ਤੇ ਇੱਕ ਸੋਨੇ ਦੀ ਮੁੰਦਰੀ ਲੁੱਟ ਲਈ। ਭਾਵੇਂ ਲੁੱਟ ਦੀ ਵਾਰਦਾਤ ਦਿੱਲੀ ਵਿੱਚ ਹੋਈ ਸੀ ਪਰ ਬਾਅਦ ਵਿੱਚ ਜਦੋਂ ਉਹ ਨੋਇਡਾ ਪਹੁੰਚੀ ਤਾਂ ਪੀੜਤ ਔਰਤ ਨੇ 112 ਨੰਬਰ ਡਾਇਲ ਕੀਤਾ।
ਲੋਧੀ ਕਲੋਨੀ ਪੁਲੀਸ ਸਟੇਸ਼ਨ ਵਿੱਚ ਐੱਫਆਈਆਰ ਦਰਜ ਕਰ ਜਾਂਚ ਸ਼ੁਰੂ ਕੀਤੀ ਗਈ। ਜਾਂਚ ਦੌਰਾਨ ਦੋਵਾਂ ਸ਼ੱਕੀਆਂ ਦੀ ਪਛਾਣ ਹੋ ਗਈ। ਉਨ੍ਹਾਂ ਦੇ ਕਬਜ਼ੇ ’ਚੋਂ ਸ਼ਿਕਾਇਤਕਰਤਾ ਦਾ ਲੁੱਟਿਆ ਹੋਇਆ ਮੋਬਾਈਲ ਫ਼ੋਨ ਵੀ ਬਰਾਮਦ ਹੋਇਆ ਹੈ। ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਵਿੱਚੋਂ ਇੱਕ ਨਰਿੰਦਰ ਉਰਫ਼ ਕਾਕੀ ਪਹਿਲਾਂ ਚਾਰ ਮਾਮਲਿਆਂ ਵਿੱਚ ਸ਼ਾਮਲ ਪਾਇਆ ਗਿਆ ਸੀ।