ਪੱਤਰ ਪ੍ਰੇਰਕ
ਨਵੀਂ ਦਿੱਲੀ, 28 ਅਪਰੈਲ
ਦਿੱਲੀ ਸ਼ਹਿਰ ਵਿਚ ਵਧ ਰਹੇ ਕਰੋਨਾ ਕੇਸਾਂ ਕਾਰਨ ਜੀਵਨ ਰੱਖਿਅਕ ਆਕਸੀਜਨ ਗੈਸ ਦੀ ਭਾਰੀ ਮੰਗ ਵਿਚਾਲੇ ਪੁਲੀਸ ਨੇ ਪੱਛਮੀ ਦਿੱਲੀ ਦੇ ਪੰਜਾਬੀ ਬਾਗ਼ ਵਿੱਚੋਂ ਦੋ ਲੋਕਾਂ ਨੂੰ ਆਕਸੀਜਨ ਸਿਲੰਡਰਾਂ ਦੀ ਕਾਲਾ ਬਾਜ਼ਾਰੀ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਹੈ। ਇਸ ਦੌਰਾਨ ਕਾਬੂ ਕੀਤੇ ਮੁਲਜ਼ਮਾਂ ਦੀ ਪਛਾਣ ਸ਼੍ਰੇਅ ਓਬਰਾਏ (30) ਜੋ ਵਿਕਾਸਪੁਰੀ ਵਾਸੀ ਤੇ ਅਭਿਸ਼ੇਕ ਨੰਦਾ (32) ਸ਼ਾਲੀਮਾਰ ਬਾਗ਼ ਵਜੋਂ ਹੋਈ ਹੈ। ਪੁਲੀਸ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਕਾਰਵਾਈ ਗੁਪਤ ਸੂਚਨਾ ਦੇ ਆਧਾਰ ’ਤੇ ਕੀਤੀ ਗਈ। ਪੁਲੀਸ ਨੂੰ ਪਤਾ ਲੱਗਿਆ ਸੀ ਕਿ ਓਬਰਾਏ ਕਥਿਤ ਤੌਰ ’ਤੇ ਆਕਸੀਜਨ ਸਿਲੰਡਰਾਂ ਦੀ ਕਾਲਾਬਾਜ਼ਾਰੀ ਵਿੱਚ ਸ਼ਾਮਲ ਸੀ। ਪੁਲੀਸ ਨੇ ਦੱਸਿਆ ਕਿ ਜਦੋਂ ਛਾਪਾ ਮਾਰਿਆ ਗਿਆ ਤਾਂ ਮੁਲਜ਼ਮ ਦੋ ਆਕਸੀਜਨ ਸਿਲੰਡਰ ਸਣੇ ਕਾਬੂ ਆ ਗਿਆ।
ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਓਬਰਾਏ ਨੇ ਪੁਲੀਸ ਨੂੰ ਦੱਸਿਆ ਕਿ ਉਸ ਨੇ ਇੱਕ ਸਿਲੰਡਰ 37000 ਵਿੱਚ ਖ਼ਰੀਦਿਆ ਸੀ ਅਤੇ ਸੋਸ਼ਲ ਮੀਡੀਆ ਰਾਹੀਂ ਉਹ ਇਨ੍ਹਾਂ ਸਿਲੰਡਰਾਂ ਨੂੰ 50,000 ਪ੍ਰਤੀ ਸਿਲੰਡਰ ਦੇ ਹਿਸਾਬ ਨਾਲ ਵੇਚਣ ਜਾ ਰਿਹਾ ਸੀ। ਪੁੱਛਗਿੱਛ ਦੌਰਾਨ ਉਸ ਨੇ ਇਹ ਵੀ ਕਿਹਾ ਕਿ ਉਹ ਆਨਲਾਈਨ ਖਿਡੌਣੇ ਵੇਚਦਾ ਹੈ। ਉਸ ਨੇ ਦੱਸਿਆ ਕਿ ਉਸ ਨੇ ਆਪਣੇ ਸਾਥੀ ਨੰਦਾ ਤੋਂ ਇਹ ਸਿਲੰਡਰ ਖ਼ਰੀਦਿਆ ਸੀ, ਇਸ ਤੋਂ ਬਾਅਦ ਨੰਦਾ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ। ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਦੇ ਕਬਜ਼ੇ ਵਿੱਚੋਂ ਕੁੱਲ ਮਿਲਾ ਕੇ ਪੰਜ ਆਕਸੀਜਨ ਸਿਲੰਡਰ ਤੇ ਇਕ ਕਾਰ ਬਰਾਮਦ ਕੀਤੀ ਗਈ ਹੈ। ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।