ਪੱਤਰ ਪ੍ਰੇਰਕ
ਨਵੀਂ ਦਿੱਲੀ, 26 ਅਗਸਤ
ਨੋਇਡਾ ਸੈਕਟਰ-93ਏ ਸਥਿਤ ਸੁਪਰਟੈੱਕ ਐਮਰਾਲਡ ਕੋਰਟ ’ਚ ਬਣੇ ਟਾਵਰ ਐਪੈਕਸ ਤੇ ਸਾਈਨ ਟਾਵਰ ਦੋਵਾਂ ਨੂੰ ਢਾਹੁਣ ਲਈ ਵਿਸਫੋਟਕ ਲਗਾਉਣ ਦਾ ਕੰਮ ਪੂਰਾ ਕਰ ਲਿਆ ਗਿਆ ਹੈ। ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਨੋਇਡਾ-ਗ੍ਰੇਟਰ ਨੋਇਡਾ ਐਕਸਪ੍ਰੈੱਸਵੇਅ ’ਤੇ ਸਥਿਤ ਟਵਿਨ ਟਾਵਰ (ਸਾਈਨ ਤੇ ਐਪੈਕਸ) ਨੂੰ 28 ਅਗਸਤ ਨੂੰ ਸਵੇਰੇ 2: 30 ਵਜੇ ਢਾਹ ਦਿੱਤਾ ਜਾਵੇਗਾ। ਦਿੱਲੀ ਦੇ ਨਾਲ ਲੱਗਦੇ ਐੱਨਸੀਆਰ ਵਿੱਚ ਅਜਿਹਾ ਪਹਿਲੀ ਵਾਰ ਹੋਵੇਗਾ ਕਿ ਉੱਚੀਆਂ ਇਮਾਰਤਾਂ ਬਾਰੂਦ ਨਾਲ ਉਡਾਈਆਂ ਜਾਣਗੀਆਂ। ਨੋਇਡਾ-ਗ੍ਰੇਟਰ ਨੋਇਡਾ ਐਕਸਪ੍ਰੈਸਵੇਅ ’ਤੇ ਸਵੇਰੇ 2: 15 ਵਜੇ ਤੋਂ ਦੁਪਹਿਰ 2: 45 ਵਜੇ ਤੱਕ ਟਰੈਫਿਕ ਬੰਦ ਰਹੇਗਾ। ਸੁਪਰਟੈੱਕ ਐਮਰਾਲਡ ਕੋਰਟ ਤੇ ਏਟੀਐੱਸ ਵਿਲੇਜ ਸੁਸਾਇਟੀ ਦੇ ਲਗਪੱਗ 7,000 ਲੋਕ ਨੌਂ ਘੰਟੇ ਆਪਣੇ ਫਲੈਟਾਂ ਤੋਂ ਬਾਹਰ ਰਹਿਣਗੇ। 200 ਤੋਂ 500 ਮੀਟਰ ਦੇ ਘੇਰੇ ਵਿੱਚ ‘ਐਕਸਕਲੂਜ਼ਨ ਜ਼ੋਨ’ ਬਣਾਇਆ ਗਿਆ ਹੈ। ਇਸ ’ਚ ਟ੍ਰੈਫਿਕ ਪੂਰੀ ਤਰ੍ਹਾਂ ਬੰਦ ਰਹੇਗਾ।