ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਫਰਵਰੀ
ਕੇਂਦਰੀ ਉਦਯੋਗ ਸੁਰੱਖਿਆ ਬਲ ਦੇ ਜਵਾਨਾਂ ਨੇ ਦਿੱਲੀ ਮੈਟਰੋ ਸਟੇਸ਼ਨ ’ਤੇ ਇੱਕ ਵਿਅਕਤੀ ਦੀ ਜਾਨ ਬਚਾ ਲਈ। ਜਾਣਕਾਰੀ ਮੁਤਾਬ ਇਹ ਵਿਅਕਤੀ ਆਪਣਾ ਫੋਨ ਦੇਖਣ ਵਿੱਚ ਰੁੱਝਿਆ ਹੋਇਆ ਸੀ ਤੇ ਇਸ ਤੋਂ ਪਹਿਲਾਂ ਕਿ ਉਹ ਮਹਿਸੂਸ ਕਰਦਾ ਕਿ ਉਹ ਕਿਨਾਰੇ ’ਤੇ ਪਹੁੰਚ ਗਿਆ ਹੈ, ਉਹ ਤਿਲਕ ਗਿਆ ਤੇ ਟਰੈਕ ’ਤੇ ਡਿੱਗ ਗਿਆ। ਸੀਆਈਐੱਸਐੱਫ ਨੇ ਟਵਿੱਟਰ ’ਤੇ ਵੀਡੀਓ ਦੀ ਕਲਿੱਪ ਸਾਂਝੀ ਕੀਤੀ ਹੈ ਜਿਸ ਵਿੱਚ ਯਾਤਰੀ ਦੀ ਪਛਾਣ ਸ਼ੈਲੇਂਦਰ ਮਹਿਤਾ ਸ਼ਾਹਦਰਾ ਵਾਸੀ ਵਜੋਂ ਹੋਈ ਹੈ। ਇਹ ਘਟਨਾ ਸ਼ਾਹਦਰਾ ਮੈਟਰੋ ਸਟੇਸ਼ਨ ’ਤੇ ਵਾਪਰੀ। ਸੀਆਈਐੱਸਐੱਫ ਨੇ ਟਵੀਟ ਕੀਤਾ ਕਿ ਸੁਚੇਤ ਸੀਆਈਐੱਸਐੱਫ ਕਰਮਚਾਰੀਆਂ ਨੇ ਤੁਰੰਤ ਕਾਰਵਾਈ ਕੀਤੀ ਤੇ ਉਸਦੀ ਮਦਦ ਕੀਤੀ। ਸੀਆਈਐੱਸਐੱਫ ਦੇ ਜਵਾਨ ਤੁਰੰਤ ਮੌਕੇ ’ਤੇ ਪਹੁੰਚੇ ਤੇ ਉਸ ਨੂੰ ਸੁਰੱਖਿਅਤ ਪਲੇਟਫਾਰਮ ਤੱਕ ਲੈ ਆਏ।