ਪੱਤਰ ਪ੍ਰੇਰਕ
ਨਵੀਂ ਦਿੱਲੀ, 12 ਮਈ
ਗਾਜ਼ੀਪੁਰ ਬਾਰਡਰ ’ਤੇ ਸੰਯੁਕਤ ਕਿਸਾਨ ਮੋਰਚਾ ਨੇ 1857-ਵਿਦਰੋਹ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਸ਼ਹੀਦ ਮੰਗਲ ਪਾਂਡੇ ਤੇ ਹੋਰ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਬੁਲਾਰਿਆਂ ਨੇ ਕਿਹਾ ਕਿ ਉਹ ਤਿੰਨ ਕਾਨੂੰਨ, ਜੋ ਸਰਕਾਰ ਲੈ ਕੇ ਆਈ ਹੈ ਅਤੇ ਜੋ ਸਰਕਾਰ ਐੱਮਐੱਸਪੀ ਦੀ ਗਰੰਟੀ ਨਹੀਂ ਦੇਣਾ ਚਾਹੁੰਦੀ, ਸਾਰੀ ਖੇਤੀ ਬਰਬਾਦ ਕਰ ਦੇਵੇਗੀ ਅਤੇ ਵੱਡੀਆਂ ਕਾਰਪੋਰੇਟ ਅਤੇ ਵਿਦੇਸ਼ੀ ਕੰਪਨੀਆਂ ਦੇ ਹੱਥ ’ਚ ਜਾਵੇਗੀ। ਅੱਜ ਵੱਡੀਆਂ ਕੰਪਨੀਆਂ ਦੇ ਮਾਲ ਦੀ ਵਿਕਰੀ ਅਤੇ ਛੋਟੇ ਵਪਾਰੀਆਂ ਅਤੇ ਕਾਰੀਗਰਾਂ ਦੇ ਕੰਮ ’ਤੇ ਕਾਰਪੋਰੇਟ ਹਮਲਾ ਵੀ ਛੋਟੇ ਵਪਾਰੀਆਂ ਦੀ ਬਰਬਾਦੀ ਦਾ ਵੱਡਾ ਕਾਰਨ ਬਣਦਾ ਜਾ ਰਿਹਾ ਹੈ। ਬੁਲਾਰਿਆਂ ਵਿੱਚ ਡਾ. ਅਸ਼ੀਸ਼ ਮਿੱਤਲ, ਡੀਪੀ ਸਿੰਘ, ਧਰਮਪਾਲ ਸਿੰਘ, ਬਲਜਿੰਦਰ ਸਿੰਘ ਮਾਨ, ਬਿੰਦੂ ਅਮੀਨੀ, ਮਹਾਦੇਵ ਚਤੁਰਵੇਦੀ, ਆਦਿ ਗਾਜ਼ੀਪੁਰ ਸਰਹੱਦ ਦੇ ਆਗੂ ਸ਼ਾਮਲ ਸਨ। ਮੰਚ ਸੰਚਾਲਨ ਓਮਪਾਲ ਮਲਿਕ ਨੇ ਕੀਤਾ। ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨੀ ਲਹਿਰ ਨੂੰ ਕੁਝ ਦਿਨਾਂ ਦੀ ਲਹਿਰ ਅਤੇ ਕੁਝ ਲੋਕਾਂ ਦੀ ਲਹਿਰ ਵਜੋਂ ਬਦਨਾਮ ਕਰਨ ਵਾਲਿਆਂ ਨੂੰ ਕਿਸਾਨਾਂ ਨੇ ਢੁੱਕਵਾਂ ਜਵਾਬ ਦਿੱਤਾ ਹੈ। ਪੰਜਾਬ-ਹਰਿਆਣਾ ਦੇ ਕਿਸਾਨ ਲਗਾਤਾਰ ਮੋਰਚਿਆਂ ’ਚ ਪਹੁੰਚ ਰਹੇ ਹਨ। ਕੇਂਦਰ ਸਰਕਾਰ ਅਤੇ ਹਰਿਆਣਾ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਬਦਨਾਮ ਕਰ ਰਹੀ ਹੈ। 5 ਰਾਜਾਂ ਦੀਆਂ ਚੋਣਾਂ ਵਿਚ ਇਸ ਦਾ ਭਾਜਪਾ ਨੂੰ ਨੁਕਸਾਨ ਹੋਇਆ ਹੈ। ਇਥੋਂ ਤਕ ਕਿ ਭਾਜਪਾ ਦੇ ਆਪਣੇ ਆਗੂ ਅਤੇ ਵਰਕਰ ਵੀ ਨਵੇਂ ਖੇਤੀਬਾੜੀ ਕਾਨੂੰਨਾਂ ਅਤੇ ਕਿਸਾਨਾਂ ਦੇ ਅੰਦੋਲਨ ਪ੍ਰਤੀ ਸਰਕਾਰ ਦੇ ਰਵੱਈਏ ਤੋਂ ਨਾਖੁਸ਼ ਹਨ।