ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 15 ਮਾਰਚ
ਸਾਹਿਤ ਅਕਾਦਮੀ ਵੱਲੋਂ ਆਪਣੇ ਸਾਲਾਨਾ ਫੈਸਟੀਵਲ ਆਫ ਲੈਟਰਜ਼ ਦੇ ਚੌਥੇ ਦਿਨ ਆਲ ਇੰਡੀਆ ਟ੍ਰਾਂਸ-ਜੈਂਡਰ ਕਵੀ ਸੰਮੇਲਨ ਕਰਵਾਇਆ ਗਿਆ। ਸੰਮੇਲਨ ਦਾ ਉਦਘਾਟਨ ਗੁਜਰਾਤੀ ਸਾਹਿਤਕਾਰ ਅਤੇ ਆਲੋਚਕ ਵਿਨੋਦ ਜੋਸ਼ੀ ਨੇ ਕੀਤਾ ਜਦਕਿ ਪ੍ਰਧਾਨਗੀ ਸਾਹਿਤ ਅਕਾਦਮੀ ਦੇ ਪ੍ਰਧਾਨ ਚੰਦਰ ਸ਼ੇਖਰ ਕੰਬਾਰ ਨੇ ਕੀਤੀ। ਇਸ ਮੌਕੇ ਸਾਹਿਤ ਅਕਾਦਮੀ ਦੇ ਸਕੱਤਰ ਕੇ. ਸ੍ਰੀ ਨਿਵਾਸ ਰਾਓ ਨੇ ਕਿਹਾ ਕਿ ਸਮਾਜ ਦਾ ਇਹ ਵਰਗ ਹਮੇਸ਼ਾ ਦਮਿਤ ਰਿਹਾ ਹੈ ਅਤੇ ਸਾਹਿਤ ਅਕਾਦਮੀ ਜਿਥੇ ਦਲਿਤ ਜਾਂ ਹੋਰ ਸਬਾਲਟਰਨ ਸ਼੍ਰੇਣੀਆਂ ਦੇ ਲੋਕਾਂ ਵਲੋਂ ਰਚੇ ਜਾ ਰਹੇ ਸਾਹਿਤ ਨੂੰ ਪ੍ਰਫੁੱਲਤ ਕਰਨ ਲਈ ਵਚਨਬਧ ਹੈ ਉਥੇ ਟ੍ਰਾਂਸ-ਜੈਂਡਰ ਭਾਈਚਾਰੇ ਦੇ ਸਾਹਿਤ ਵੱਲ ਵੀ ਵਿਸ਼ੇਸ਼ ਤਵੱਜੋ ਦਿੱਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਸਾਹਿਤ ਅਕਾਦਮੀ ਛੇਤੀ ਹੀ ਇਸ ਭਾਈਚਾਰੇ ਦੇ ਲੇਖਕਾਂ ਦਾ ਸਾਰਕ ਸਿਖਰ ਸੰਮੇਲਨ ਕਰਵਾਉਣ ਦੀ ਯੋਜਨਾ ਬਣਾ ਰਹੀ ਹੈ ਜੋ ਸ਼ੁਰੂ ਵਿਚ ਵਰਚੁਅਲ ਮੋਡ ’ਤੇ ਹੋਵੇਗਾ ਅਤੇ ਹੌਲੀ-ਹੌਲੀ ਇਹ ਸ਼ਾਹਿਤ ਅਕਾਦਮੀ ਦੇ ਰੈਗੂਲਰ ਪ੍ਰੋਗਰਾਮਾਂ ਦਾ ਹਿੱਸਾ ਬਣਾ ਦਿੱਤਾ ਜਾਵੇਗਾ। ਇਸ ਮੌਕੇ ਬਾਡਲਾ ਤੋਂ ਪਾਰਥਾਸਾਰਥੀ ਮਜੂਮਦਾਰ ਤੇ ਮ੍ਰਤਿਕਾ, ਗੁਜਰਾਤੀ ਤੋਂ ਪਾਇਲਾ ਰਾਠਵਾ, ਹਿੰਦੀ ਤੋਂ ਰੇਸ਼ਮਾ ਪ੍ਰਸਾਦ, ਧਨੰਜੈ ਚੌਹਾਨ, ਰਵੀਨਾ ਬਾਰਿਹਾ ਤੇ ਰਿਤਵਿਕ ਚਕਰਵਰਤੀ, ਉੜੀਆ ਤੋਂ ਮੀਰਾ ਪਰਿਡਾ ਤੇ ਸਾਧਨਾ ਮਿਸ਼ਰਾ, ਮਰਾਠੀ ਤੋਂ ਦਿਸ਼ਾ ਸ਼ੇਖ, ਤਾਮਿਲ ਤੋਂ ਕਲਿਕ ਸੁਬਰਾਮਣੀਅਮ, ਮਲਿਆਲਮ ਤੋਂ ਵਿਜਯਰਾਜ ਮਲਿਕਾ ਤੇ ਉਰਦੂ ਤੋਂ ਮਨੀਸ਼ਾ ਮਹੰਤ ਨੇ ਆਪਣੀਆਂ ਕਵਿਤਾਵਾਂ ਸੁਣਾਈਆਂ।