ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 22 ਅਗਸਤ
ਇੱਥੇ ਜੰਤਰ-ਮੰਤਰ ’ਤੇ ਕਿਸਾਨਾਂ ਵੱਲੋਂ ਕੀਤੀ ਮਹਾਪੰਚਾਇਤ ਕਾਰਨ ਦਿੱਲੀ ਦੀਆਂ ਹੱਦਾਂ ਅਤੇ ਕੇਂਦਰੀ ਇਲਾਕੇ ਵਿੱਚ ਭਾਰੀ ਟਰੈਫ਼ਿਕ ਜਾਮ ਰਿਹਾ। ਖਾਸ ਕਰਕੇ ਟਿਕਰੀ, ਗਾਜ਼ੀਪੁਰ ਤੇ ਸਿੰਘੂ ਬਾਰਡਰਾਂ ’ਤੇ ਤਾਂ ਬੀਤੀ ਰਾਤ ਤੋਂ ਹੀ ਪੁਲੀਸ ਦੀ ਸਖ਼ਤ ਨਿਗਰਾਨੀ ਕਾਰਨ ਆਵਾਜਾਈ ਧੀਮੀ ਰਫ਼ਤਾਰ ਨਾਲ ਚੱਲਦੀ ਰਹੀ ਸੀ। ਪੁਲੀਸ ਵੱਲੋਂ ਚਾਲਕਾਂ ਨੂੰ ਗੱਡੀਆਂ ਦੀ ਜਾਂਚ ਕਰਕੇ ਹੀ ਦਿੱਲੀ ਵੱਲ ਜਾਣ ਦਿੱਤਾ ਜਾ ਰਿਹਾ ਸੀ। ਇਸ ਸਬੰਧੀ ਕਿਸਾਨ ਆਗੂ ਅਭਿਮੰਨਿਊ ਕੋਹਾੜ ਨੇ ਕਿਹਾ ਕਿ ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਤੋਂ ਇੱਥੇ ਆ ਰਹੇ ਕਿਸਾਨਾਂ ਨੂੰ ਐਤਵਾਰ ਰਾਤ ਨੂੰ ਰੋਕਿਆ ਗਿਆ।
ਉਨ੍ਹਾਂ ਨੂੰ ਗੁਰਦੁਆਰਾ ਬੰਗਲਾ ਸਾਹਿਬ, ਰਕਾਬਗੰਜ ਤੇ ਮੋਤੀ ਬਾਗ਼ ਲਿਜਾਇਆ ਗਿਆ ਤੇ ਮਗਰੋਂ ਪੁਲੀਸ ਨੇ ਰਿਹਾਅ ਕਰ ਦਿੱਤਾ। ਜਾਣਕਾਰੀ ਮੁਤਾਬਿਕ ਮਹਾਪੰਚਾਇਤ ਕਾਰਨ ਗੋਲ ਡਾਕਖ਼ਾਨਾ, ਅਸ਼ੋਕ ਰੋਡ ਤੋਂ ਇਲਾਵਾ ਟਿਕਰੀ, ਗਾਜ਼ੀਪੁਰ ਤੇ ਸਿੰਘੂ ਬਾਰਡਰ ਤੋਂ ਦਿੱਲੀ ਆ ਰਹੀਆਂ ਸੜਕਾਂ ’ਤੇ ਵੀ ਜਾਮ ਦੇਖਿਆ ਗਿਆ। ਦਿਨ ‘ਚ ਪੁਲੀਸ ਨੇ ਵਾਹਨ ਚਾਲਕਾਂ ਨੂੰ ਟਾਲਸਟਾਏ ਮਾਰਗ, ਸੰਸਦ ਮਾਰਗ, ਜਨਪਥ ਰੋਡ, ਅਸ਼ੋਕਾ ਰੋਡ, ਆਊਟਰ ਸਰਕਲ ਕਨਾਟ ਪਲੇਸ, ਬਾਬਾ ਖੜਕ ਸਿੰਘ ਮਾਰਗ ਤੇ ਪੰਡਿਤ ਪੰਤ ਮਾਰਗ ਤੋਂ ਦੂਰ ਰਹਿਣ ਲਈ ਕਿਹਾ ਸੀ। ਇੱਕ ਪੁਲੀਸ ਅਧਿਕਾਰੀ ਨੇ ਕਿਹਾ ਕਿ ਇਸ ਸਬੰਧ ਵਿੱਚ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਬਾਹਰੀ ਜ਼ਿਲ੍ਹੇ ਵਿੱਚ ਟਿੱਕਰੀ ਸਰਹੱਦ, ਮੁੱਖ ਚੌਰਾਹਿਆਂ, ਰੇਲਵੇ ਟਰੈਕਾਂ ਤੇ ਮੈਟਰੋ ਸਟੇਸ਼ਨਾਂ ‘ਤੇ ਸਥਾਨਕ ਪੁਲੀਸ ਤੇ ਬਾਹਰੀ ਫੋਰਸ ਦੀ ਲੋੜੀਂਦੀ ਤਾਇਨਾਤੀ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਗਾਜ਼ੀਪੁਰ ਤੇ ਸਿੰਘੂ ਬਾਰਡਰ ‘ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਦੇਖੀਆਂ ਗਈਆਂ ਕਿਉਂਕਿ ਪੁਲੀਸ ਵੱਲੋਂ ਹਰੇਕ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਕ ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਇਹ ‘ਮਹਾਪੰਚਾਇਤ’ ਦੇ ਮੱਦੇਨਜ਼ਰ ਰੱਖੇ ਗਏ ਸੁਰੱਖਿਆ ਪ੍ਰਬੰਧਾਂ ਦਾ ਹਿੱਸਾ ਹੈ। ਕਰਨਾਲ ਰੋਡ, ਲਬਿਾਸ ਪੁਰ, ਸਮੈਪੁਰ, ਨਰੇਲਾ ਹੱਦਾਂ ਨਾਲ ਲੱਗਦੀਆਂ ਸੜਕਾਂ ‘ਤੇ ਵੀ ਭਾਰੀ ਜਾਮ ਦੇਖਣ ਨੂੰ ਮਿਲਿਆ। ਪੁਲੀਸ ਨੇ ਕਿਹਾ ਕਿ ‘ਮਹਾਪੰਚਾਇਤ’ ਕਾਰਨ ਦਿੱਲੀ ਦੀਆਂ ਹੱਦਾਂ ‘ਤੇ ਸੁਰੱਖਿਆ ਵਧਾ ਦਿੱਤੀ ਗਈ ਹੈ।