ਪੱਤਰ ਪ੍ਰੇਰਕ
ਨਵੀਂ ਦਿੱਲੀ, 11 ਮਈ
ਇੱਥੇ ਸਦਰ ਬਾਜ਼ਾਰ ਦੇ ਵਪਾਰੀ ਦਿੱਲੀ ਨਗਰ ਨਿਗਮ ਖ਼ਿਲਾਫ਼ ਸੜਕਾਂ ’ਤੇ ਉਤਰ ਗਏ ਹਨ। ਅੱਜ ਫੈਡਰੇਸ਼ਨ ਆਫ਼ ਸਦਰ ਬਾਜ਼ਾਰ ਟਰੇਡਰਜ਼ ਐਸੋਸੀਏਸ਼ਨ ਦੇ ਚੇਅਰਮੈਨ ਪਰਮਜੀਤ ਸਿੰਘ ਪੰਮਾ, ਵਾਈਸ ਚੇਅਰਮੈਨ ਪਵਨ ਖੰਡੇਲਵਾਲ, ਪ੍ਰਧਾਨ ਰਾਕੇਸ਼ ਯਾਦਵ, ਸੁਰਿੰਦਰ ਮਹਿੰਦਰੂ, ਜਨਰਲ ਸਕੱਤਰ ਸਤਪਾਲ ਸਿੰਘ ਦੀ ਪ੍ਰਧਾਨਗੀ ਹੇਠ ਸਦਰ ਬਾਜ਼ਾਰ ਥਾਣੇ ਤੋਂ 12 ਟੂਟੀ ਚੌਕ ਤੱਕ ਸੜਕ ਦੇ ਦੋਵੇਂ ਪਾਸੇ ਐੱਮਸੀਡੀ ਬਿਲਡਿੰਗ ਪਾਰਕਿੰਗ ਦੇ ਵਿਰੋਧ ਵਿੱਚ ਰੋਸ ਮਾਰਚ ਕੀਤਾ ਗਿਆ। ਇਸ ਦੌਰਾਨ ਕਮਲ ਕੁਮਾਰ ਦੀ ਅਗਵਾਈ ‘ਚ ਸਤਪਾਲ ਸਿੰਘ ਮੰਗਾ, ਸੁਰਿੰਦਰ ਮਹਿੰਦਰੂ, ਰਾਜ ਕੁਮਾਰ ਬਰਾੜਾ, ਕਮਲ ਕੁਮਾਰ, ਨਰੇਸ਼ ਜਿੰਦਲ ਸਮੇਤ ਸੈਂਕੜੇ ਵਪਾਰੀਆਂ ਨੇ ਦਿੱਲੀ ਨਗਰ ਨਿਗਮ ਦਾ ਵਿਰੋਧ ਕਰਦਿਆਂ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ‘ਐਮ.ਸੀ.ਡੀ. ਆਪਣੀ ਤਾਨਾਸ਼ਾਹੀ ਬੰਦ ਕਰੇ’, ‘ਪਾਰਕਿੰਗ ਦੇ ਨਾਂ ‘ਤੇ ਵਪਾਰੀਆਂ ਤੋਂ ਪੈਸੇ ਇਕੱਠੇ ਕਰਨੇ ਬੰਦ ਕਰੇ’, ‘ਸੜਕਾਂ ‘ਤੇ ਪਾਰਕਿੰਗ ਨਹੀਂ ਚੱਲੇਗੀ’ ਦੇ ਨਾਅਰੇ ਐੱਮਸੀਡੀ ਖ਼ਿਲਾਫ਼ ਲਗਾਏ ਤੇ ਚੱਕਾ ਜਾਮ ਕੀਤਾ।
ਇਸ ਮੌਕੇ ਪਰਮਜੀਤ ਸਿੰਘ ਪੰਮਾ ਤੇ ਰਾਕੇਸ਼ ਯਾਦਵ ਨੇ ਕਿਹਾ ਕਿ ਨਗਰ ਨਿਗਮ ਦੇ ਅਧਿਕਾਰੀ ਸਦਰ ਬਾਜ਼ਾਰ ਦਾ ਕਾਰੋਬਾਰ ਖਤਮ ਕਰਨ ‘ਤੇ ਲੱਗੇ ਹੋਏ ਹਨ, ਜਿਸ ਨੂੰ ਕਦੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਦਿੱਲੀ ਨਗਰ ਨਿਗਮ ਖ਼ਿਲਾਫ਼ ਟਿੱਪਣੀ ਕਰਦੇ ਹੋਏ ਕਿਹਾ ਕਿ ਹਰ ਜਗ੍ਹਾ ਉਗਰਾਹੀ ‘ਤੇ ਲੱਗੀ ਐੱਮਸੀਡੀ ਸਹੂਲਤਾਂ ਦੇਣ ‘ਚ ਅਸਫਲ ਰਹੀ ਹੈ। ਜਦੋਂ ਕਿ ਐੱਮਸੀਡੀ ਵੱਲੋਂ ਅਲਾਟ ਕੀਤੀ ਗਈ ਪਾਰਕਿੰਗ ਦਾ ਬੁਰਾ ਹਾਲ ਹੈ। ਪੰਮਾ ਨੇ ਕਿਹਾ ਕਿ ਐੱਮਸੀਡੀ ਫੜੀ ਵਾਲਿਆਂ ਨੂੰ ਹਟਾਉਣ ਵਿੱਚ ਨਾਕਾਮ ਸਾਬਤ ਹੋ ਰਹੀ ਹੈ, ਦੂਜੇ ਪਾਸੇ ਹੁਣ ਪਾਰਕਿੰਗ ਮਾਫੀਆ ਨਾਲ ਮਿਲੀਭੁਗਤ ਕੀਤੀ ਗਈ ਹੈ। ਜੇਕਰ ਐੱਮਸੀਡੀ ਨੇ 13 ਮਈ ਤੱਕ ਇਸ ਪਾਰਕਿੰਗ ਨੂੰ ਬੰਦ ਨਾ ਕੀਤਾ ਤਾਂ ਸਦਰ ਥਾਣਾ ਰੋਡ ਦੇ ਵਪਾਰੀ 2 ਵਜੇ ਤੱਕ ਆਪਣੀਆਂ ਦੁਕਾਨਾਂ ਬੰਦ ਕਰ ਕੇ ਧਰਨਾ ਦੇਣਗੇ।