ਪੱਤਰ ਪ੍ਰੇਰਕ
ਨਵੀਂ ਦਿੱਲੀ, 17 ਜਨਵਰੀ
ਸਦਰ ਬਾਜ਼ਾਰ ਵਪਾਰੀ ਫੈਡਰੇਸ਼ਨ ਦੇ ਉਪ ਚੇਅਰਮੈਨ ਪਰਮਜੀਤ ਸਿੰਘ ਪੰਮਾ ਦੀ ਪ੍ਰਧਾਨਗੀ ਹੇਠ ਅੱਜ ਵਪਾਰੀਆਂ ਨੇ ਸਰਕਾਰ ਦੀ ਜਿਸਤ-ਟਾਂਕ ਨੀਤੀ ਦਾ ਵਿਰੋਧ ਕੀਤਾ। ਫੈਡਰੇਸ਼ਨ ਦੇ ਪ੍ਰਧਾਨ ਰਾਕੇਸ਼ ਯਾਦਵ, ਗਾਂਧੀ ਮਾਰਕੀਟ ਦੇ ਪ੍ਰਧਾਨ ਸਤਪਾਲ ਸਿੰਘ ਮੰਗਾ, ਸਦਰ ਬਾਜ਼ਾਰ ਨਿਸ਼ਕਾਮ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਛਾਬੜਾ, ਵਪਾਰੀ ਆਗੂ ਦੀਪਕ ਮਿੱਤਲ, ਮੰਡੀ ਵਪਾਰੀ ਐਸੋਸੀਏਸ਼ਨ ਦੇ ਜਨਰਲ ਸਕੱਤਰ ਰਮੇਸ਼ ਸਚਦੇਵਾ, ਫੈਡਰੇਸ਼ਨ ਜੱਥੇਬੰਦੀਆਂ ਦੇ ਪ੍ਰਧਾਨ ਰਮੇਸ਼ ਸਚਦੇਵਾ ਹਾਜ਼ਰ ਹੋਏ, ਜਿਨ੍ਹਾਂ ਨੇ ਸਰਕਾਰ ਦੀ ਜਿਸਤ-ਟਾਂਕ ਨੀਤੀ ਵਿਰੁੱਧ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਪਰਮਜੀਤ ਸਿੰਘ ਪੰਮਾ ਅਤੇ ਰਾਕੇਸ਼ ਯਾਦਵ ਨੇ ਕਿਹਾ ਕਿ ਸਰਕਾਰ ਦੀ ਇਸ ਨੀਤੀ ਨਾਲ ਵਪਾਰੀਆਂ ਦਾ ਨੁਕਸਾਨ ਹੋ ਰਿਹਾ ਹੈ। ਇੱਕ ਵਪਾਰੀ ਦੀ ਦੁਕਾਨ ਹਫ਼ਤੇ ਵਿੱਚ 2-3 ਦਿਨ ਖੁੱਲ੍ਹ ਰਹੀ ਹੈ, ਜਿਸ ਕਾਰਨ ਵਪਾਰੀਆਂ ਦੇ ਖਰਚੇ ਪੂਰੇ ਕਰਨੇ ਬਹੁਤ ਔਖੇ ਹੋ ਗਏ ਹਨ। ਉਨ੍ਹਾਂ ਕਿਹਾ ਕਿ ਵਪਾਰੀਆਂ ਵੱਲੋਂ ਕੇਂਦਰ ਸਰਕਾਰ ਨੂੰ ਜਗਾਉਣ ਲਈ 19 ਜਨਵਰੀ ਨੂੰ ਥਾਲੀਆਂ ਵਜਾਈਆਂ ਜਾਣਗੀਆਂ।
ਸਤਪਾਲ ਸਿੰਘ ਮੰਗਾ ਨੇ ਕਿਹਾ ਕਿ ਸਰਕਾਰ ਨਿੱਤ ਦਿਨ ਅਜਿਹੀਆਂ ਹਦਾਇਤਾਂ ਕਰ ਕੇ ਵਪਾਰੀਆਂ ਨੂੰ ਤਬਾਹ ਕਰਨ ਦੀ ਸਾਜ਼ਿਸ਼ ਰਚ ਰਹੀ ਹੈ, ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇੱਕ ਪਾਸੇ ਮੁੱਖ ਮੰਤਰੀ ਪੰਜਾਬ, ਯੂਪੀ ਅਤੇ ਗੋਆ ਵਿੱਚ ਚੋਣ ਪ੍ਰਚਾਰ ਵਿੱਚ ਰੁੱਝੇ ਹੋਏ ਹਨ, ਦੂਜੇ ਪਾਸੇ ਦਿੱਲੀ ਦੇ ਵਪਾਰੀ ਆਪਣਾ ਕਾਰੋਬਾਰ ਬੰਦ ਕਰ ਕੇ ਘਰਾਂ ਵਿੱਚ ਕੈਦ ਹਨ। ਹਰਜੀਤ ਸਿੰਘ ਛਾਬੜਾ ਨੇ ਕਿਹਾ ਕਿ ਸਰਕਾਰ ਦੁਕਾਨਾਂ ਲਈ ਸਖ਼ਤ ਕਾਨੂੰਨ ਬਣਾ ਰਹੀ ਹੈ। ਉਨ੍ਹਾਂ ਜਿਸਤ-ਟਾਂਕ ਫਾਰਮੂਲਾ ਬੰਦ ਕਰਨ ਦੀ ਮੰਗ ਕੀਤੀ।